ਫ਼ਿਰੋਜ਼ਪੁਰ, 25 ਮਈ (ਕੁਲਬੀਰ ਸਿੰਘ ਸੋਢੀ)-ਦੇਸ਼ ਵਿਚ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਉੱਤੇ ਬੁਰਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ | ਜਿਸ ਕਰਕੇ ਮਹਿੰਗਾਈ ਦੇ ਬੋਝ ਹੇਠਾਂ ਦੱਬੇ ਲੋਕਾਂ ਨੂੰ ਹਰ ਰੋਜ਼ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਧ ਰਹੀਆਂ ਤੇਲ ਦੀਆਂ ਕੀਮਤਾਂ 'ਤੇ ਸੰਯੁਕਤ ਸਮਾਜ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਮੋੜਾ ਸਿੰਘ ਅਣਜਾਣ ਨੇ ਕੇਂਦਰ ਦੀ ਬੀ.ਜੇ.ਪੀ ਸਰਕਾਰ ਉੱਤੇ ਤਿੱਖਾ ਹਮਲਾ ਬੋਲਿਆ ਹੈ | ਉਨ੍ਹਾਂ ਕਿਹਾ ਕਿ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਬੀ.ਜੇ.ਪੀ ਸਰਕਾਰ ਦੀ ਨਾਕਾਮ ਨੀਤੀਆਂ ਅਤੇ ਵੱਡਾ ਫੇਲੀਅਰ ਸਾਬਤ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਕਾਰਨ ਆਮ ਆਦਮੀ ਦੀ ਜੇਬ ਖ਼ਾਲੀ ਹੋ ਰਹੀ ਹੈ ਅਤੇ ਘਰਾਂ ਦੇ ਬਜਟ ਪੂਰੀ ਤਰ੍ਹਾਂ ਡਗਮਗਾ ਚੁੱਕੇ ਹਨ | ਅਣਜਾਣ ਨੇ ਕਿਹਾ ਕਿ ਡੀਜ਼ਲ ਮਹਿੰਗਾ ਹੋਣ ਨਾਲ ਖੇਤੀਬਾੜੀ ਦਾ ਖਰਚਾ ਕਈ ਗੁਣਾਂ ਵੱਧ ਗਿਆ ਹੈ ਅਤੇ ਟਰੈਕਟਰ ਚਲਾਉਣ, ਫ਼ਸਲਾਂ ਦੀ ਸਿੰਚਾਈ ਅਤੇ ਢੁਆਈ ਮਹਿੰਗੀ ਹੋਣ ਕਾਰਨ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਪੈਦਾ ਹੋ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਣਜਾਣ ਨੇ ਦੋਸ਼ ਲਾਇਆ ਕਿ ਬੀ.ਜੇ.ਪੀ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦੀ ਬਜਾਏ ਸਿਰਫ਼ ਵੱਡੇ ਉਦਯੋਗਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਵਿਚ ਲੱਗੀ ਹੋਈ ਹੈ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਪੈਟਰੋਲ ਅਤੇ ਡੀਜ਼ਲ ਉੱਤੇ ਲੱਗੇ ਵਾਧੂ ਟੈਕਸ ਘਟਾਏ ਅਤੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਵੇ |