-ਤਲਵੰਡੀ ਭਾਈ ਨਗਰ ਕੌਂਸਲ ਚੋਣਾਂ- 13789 ਵੋਟਰ ਅੱਜ ਲਿਖਣਗੇ 13 ਵਾਰਡਾਂ ਦੇ 56 ਉਮੀਦਵਾਰਾਂ ਦੀ ਕਿਸਮਤ
ਅਜੀਤ ਡੈਸਕ
26-05-2026
ਤਲਵੰਡੀ ਭਾਈ, 25 ਮਈ (ਕੁਲਜਿੰਦਰ ਸਿੰਘ ਗਿੱਲ)- 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਭਾਵੇਂ ਬੀਤੇ ਦਿਨ ਬੰਦ ਹੋ ਗਿਆ ਪ੍ਰੰਤੂ ਤਲਵੰਡੀ ਭਾਈ ਅੰਦਰ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਅਜੇ ਵੀ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅਤੇ ਵੱਖ-ਵੱਖ ਉਮੀਦਵਾਰ ਵੋਟਰਾਂ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਲਈ ਅਜੇ ਵੀ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਹੋਏ ਅੰਦਰ ਖਾਤੇ ਜੋੜ-ਤੋੜ ਵਿੱਚ ਰੁੱਝੇ ਹੋਏ ਹਨ | ਇੱਥੇ ਦੱਸਣਯੋਗ ਹੈ ਕਿ 13 ਵਾਰਡਾਂ ਵਾਲੀ ਨਗਰ ਕੌਂਸਲ ਦੀਆਂ ਚੋਣਾਂ ਲਈ 56 ਉਮੀਦਵਾਰ ਚੋਣ ਮੈਦਾਨ ਵਿੱਚ ਹਨ | ਇਸ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਆਜ਼ਾਦ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਰਮਿਆਨ ਸਖ਼ਤ ਮੁਕਾਬਲਾ ਹੈ | ਜਦਕਿ ਤਲਵੰਡੀ ਭਾਈ ਦੇ 13789 ਵੋਟਰਾਂ ਦੀਆਂ ਵੋਟਾਂ ਦੇ ਭੁਗਤਾਨ ਲਈ 16 ਪੋਲਿੰਗ ਬੂਥ ਬਣਾਏ ਗਏ ਹਨ | ਵੋਟਰਾਂ ਵਿਚ 7214 ਮਰਦ, 6574 ਔਰਤਾਂ ਅਤੇ 01 ਥਰਡ ਜੈਂਡਰ ਸ਼ਾਮਿਲ ਹਨ | ਨਗਰ ਕੌਂਸਲ ਤਲਵੰਡੀ ਭਾਈ ਦੀਆਂ ਚੋਣਾਂ ਲਈ ਨਵਦੀਪ ਸਿੰਗਲਾ ਐਕਸੀਅਨ ਲੋਕ ਨਿਰਮਾਣ ਵਿਭਾਗ ਨੂੰ ਰਿਟਰਨਿੰਗ ਅਫਸਰ ਅਤੇ ਨਰਿੰਦਰ ਮੋਹਨ ਕੱਕੜ, ਐਸ.ਡੀ.ਓ ਲੋਕ ਨਿਰਮਾਣ ਵਿਭਾਗ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ | ਚੋਣ ਅਧਿਕਾਰੀਆਂ ਮੁਤਾਬਿਕ ਨਗਰ ਕੌਂਸਲ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਆਪਕ ਪ੍ਰਬੰਧ ਕੀਤੇ ਗਏ ਅਤੇ ਪ੍ਰਸ਼ਾਸਨ ਵਲੋਂ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਅਤੇ ਨਿਰਪੱਖ ਚੋਣ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ |