ਫ਼ਿਰੋਜ਼ਪੁਰ, 25 ਮਈ (ਕੁਲਬੀਰ ਸਿੰਘ ਸੋਢੀ)-ਬੈਂਕਾਂ ਵਿਚੋਂ ਲੋਕਾਂ ਨੂੰ ਆਪਣੀ ਹੀ ਜਮ੍ਹਾ ਪੂੰਜੀ (ਕੈਸ਼) ਨਾ ਮਿਲਣ ਕਾਰਨ ਸੂਬੇ ਭਰ ਵਿਚ ਹਾਹਾਕਾਰ ਮੱਚੀ ਹੋਈ ਹੈ | ਜਿਸ ਨਾਲ ਆਮ ਲੋਕਾਂ, ਮਜ਼ਦੂਰਾਂ ਅਤੇ ਕਿਸਾਨਾਂ ਦਾ ਆਰਥਿਕ ਢਾਂਚਾ ਵਿਗੜ ਗਿਆ ਹੈ | ਇਸ ਪੈਦਾ ਹੋਈ ਗੰਭੀਰ ਸਥਿਤੀ ਨੂੰ ਲੈ ਕੇ 'ਭਾਰਤੀ ਕਿਸਾਨ ਯੂਨੀਅਨ ਪੰਜਾਬ' ਦੇ ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂਵਾਲਾ ਅਤੇ ਸੂਬਾ ਮੀਡੀਆ ਇੰਚਾਰਜ ਗੈਰੀ ਸਿੰਘ ਬੰਡਾਲਾ ਨੇ ਕਿਹਾ ਕਿ ਬੈਂਕਾਂ ਅੱਗੇ ਭਰ ਗਰਮੀ ਵਿਚ ਲੱਗੀਆਂ ਲੰਮੀਆਂ ਕਤਾਰਾਂ ਵਿਚ ਖੜ੍ਹਨ ਦੇ ਬਾਵਜੂਦ ਲੋਕਾਂ ਨੂੰ ਖ਼ਾਲੀ ਹੱਥ ਪਰਤਣਾ ਪੈ ਰਿਹਾ ਹੈ | ਆਗੂਆਂ ਨੇ ਅੱਗੇ ਕਿਹਾ ਕਿ ਬਾਜ਼ਾਰਾਂ ਵਿਚੋਂ ਨਕਦੀ ਗ਼ਾਇਬ ਹੋਣ ਕਾਰਨ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ ਅਤੇ ਹਰ ਵਰਗ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ | ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਨੇ ਕਿਹਾ ਕਿ ਪਹਿਲਾ ਕੇਂਦਰ ਸਰਕਾਰ ਨੇ ਡੀਜ਼ਲ 'ਤੇ ਪੈਟਰੋਲ ਭਾਅ ਵਿਚ ਵਾਧਾ ਕੀਤਾ, ਜਿਸ ਦਾ ਕਾਰੋਬਾਰ 'ਤੇ ਵੱਡਾ ਅਸਰ ਦੇਖਣ ਨੂੰ ਮਿਲਿਆ 'ਤੇ ਹੁਣ ਬੈਂਕਾਂ ਵਿਚ ਨਗਦੀ ਦੀ ਘਾਟ ਨਾਲ ਕਾਰੋਬਾਰੀ 'ਤੇ ਆਮ ਜਨਤਾ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਦਾ ਵੱਧ ਅਸਰ ਕਿਸਾਨ ਭਾਈਚਾਰੇ 'ਤੇ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਝੋਨੇ ਦੀ ਬਿਜਾਈ ਦਾ ਸੀਜ਼ਨ ਜ਼ੋਰਾਂ 'ਤੇ ਹੈ ਅਤੇ ਸੁਸਾਇਟੀਆਂ ਤੋਂ ਪੈਸੇ ਨਾ ਮਿਲਣ ਕਰਕੇ ਆਰਥਿਕ ਢਾਂਚਾ ਵਿਗੜ ਗਿਆ ਹੈ | ਉਨ੍ਹਾਂ ਦੱਸਿਆ ਕਿ ਜਨਤਾ ਨੂੰ ਆਪਣੇ ਪੈਸੇ ਲੈਣ ਲਈ ਹੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਬੈਂਕ ਪ੍ਰਸ਼ਾਸਨ ਨੇ ਜਲਦ ਹੀ ਨਕਦੀ ਦੀ ਸਪਲਾਈ ਸੁਚਾਰੂ ਨਾ ਕੀਤੀ ਅਤੇ ਲੋਕਾਂ ਨੂੰ ਇਸ ਆਰਥਿਕ ਮੁਸੀਬਤ ਵਿਚੋਂ ਨਾ ਕੱਢਿਆ ਤਾਂ 'ਭਾਰਤੀ ਕਿਸਾਨ ਯੂਨੀਅਨ ਪੰਜਾਬ' ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ |