ਫ਼ਿਰੋਜ਼ਪੁਰ, 25 ਮਈ (ਕੁਲਬੀਰ ਸਿੰਘ ਸੋਢੀ)-ਸ਼ਹਿਰ ਅੰਦਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਭਖੇ ਮਾਹੌਲ ਵਿਚ ਸਮੂਹ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿਚ ਜਿੱਥੇ ਰਾਜਨੀਤਕ ਪਾਰਟੀ ਦੇ ਆਗੂਆਂ 'ਤੇ ਅਹੁਦੇਦਾਰਾਂ ਵਲੋਂ ਚੋਣ ਪ੍ਰਚਾਰ ਕੀਤਾ ਗਿਆ, ਉੱਥੇ ਚੋਣਾਂ ਵਿਚ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਵਲੋਂ ਇਕ ਮੌਕਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ | ਇਸ ਦੇ ਚੱਲਦੇ ਵਾਰਡ ਨੰਬਰ 2 ਤੋਂ ਆਪ ਉਮੀਦਵਾਰ ਪਰਮਵੀਰ ਸਿੰਘ ਵੜੈਚ, ਵਾਰਡ ਨੰਬਰ 16 ਤੋਂ ਰਾਜਬੀਰ ਸਿੰਘ ਰਾਮਗੜ੍ਹੀਆਂ ਅਤੇ ਵਾਰਡ ਨੰਬਰ 24 ਤੋਂ ਨਰੇਸ਼ ਕੁਮਾਰ ਕੰਤੋੜ ਵਲੋਂ ਆਪਣੇ ਵਾਰਡ ਦੇ ਲੋਕਾਂ ਨੂੰ ਇਕ ਮੌਕਾ ਦੇਣ ਦੀ ਅਪੀਲ ਕੀਤੀ ਗਈ ਹੈ | ਆਪ ਉਮੀਦਵਾਰਾਂ ਵਲੋਂ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਪਹਿਲਾ ਤੁਸੀਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਮੌਕੇ ਦਿੱਤੇ ਸਨ, ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦਿਓ ਤਾਂ ਕਿ ਜਨਤਾ ਨੂੰ ਭਿ੍ਸ਼ਟਾਚਾਰ, ਨਸ਼ਾ ਮੁਕਤ 'ਤੇ ਸੁਰੱਖਿਆ ਭਰਪੂਰ ਮਾਹੌਲ ਦਿੱਤਾ ਜਾ ਸਕੇ | ਉਮੀਦਵਾਰਾਂ ਨੇ ਅੱਗੇ ਕਿਹਾ ਕਿ ਵਾਰਡਾਂ ਦੀ ਨੁਹਾਰ ਤਾਂ ਬਦਲੇਗੀ ਹੀ ਇਸ ਦੇ ਨਾਲ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ | ਉਮੀਦਵਾਰ ਪਰਮਵੀਰ ਸਿੰਘ, ਰਾਜਬੀਰ ਸਿੰਘ 'ਤੇ ਨਰੇਸ਼ ਕੰਤੋੜ ਨੇ ਵਿਸ਼ਵਾਸ ਦਿੱਤਾ ਕਿ ਉਹ ਹਮੇਸ਼ਾ ਵਾਰਡ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ 'ਤੇ ਲੋਕ ਸੇਵਾ ਨੂੰ ਪਹਿਲ ਦੇਣ ਦੇ ਨਾਲ ਵਾਰਡ ਦੀ ਨੁਹਾਰ ਬਦਲਣ ਲਈ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਹ ਪੂਰੇ ਹੋ ਰਹੇ ਹਨ | ਇਸੇ ਤਰ੍ਹਾਂ ਜੇਕਰ ਤੁਸੀਂ ਸਾਨੂੰ ਕਾਮਯਾਬ ਕਰੋਗੇ ਤੇ ਵਾਰਡਾਂ ਦੇ ਨਾਲ ਸ਼ਹਿਰ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ |