ਮੱਖੂ, 1 ਜੂਨ (ਕੁਲਵਿੰਦਰ ਸਿੰਘ ਸੰਧੂ)-ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਬਹੁਤ ਹੀ ਨੇਕ ਇਨਸਾਨ ਗੁਰਚਰਨ ਸਿੰਘ ਕਾਲਾ ਗਾਬਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ | ਮੱਖੂ ਗੋਲੀ ਕਾਂਡ ਘਟਨਾ ਵਾਲੇ ਸਥਾਨ 'ਤੇ ਗਾਬਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਕਿਹਾ ਕਿ ਪੰਜਾਬ ਦੇ ਵਾਸੀਆਂ ਬਦਲਾਓ ਦੀ ਨੀਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਤਾਂ ਦਿੱਤੀ ਪਰ ਇਹ ਸਰਕਾਰ ਵਿਚ ਜੋ ਗੁੰਡਾਗਰਦੀ ਦਾ ਨਾਚ ਚੱਲ ਰਿਹਾ ਹੈ ਉਹ ਅਸੀਂ ਸਾਰੇ ਦੇਖ ਰਹੇ ਹਾਂ | ਦਿਨ ਦਿਹਾੜੇ ਗੋਲੀਆਂ ਮਾਰ ਕੇ ਬੇਕਸੂਰ ਮਾਵਾਂ ਦੇ ਪੁੱਤ ਰੋਜ਼ਾਨਾ ਮਾਰੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਗੈਂਗਸਟਰਵਾਦ ਇੰਨਾ ਵਧ ਚੁੱਕਾ ਹੈ ਕਿ ਲੋਕ ਆਪਣੇ ਘਰਾਂ ਵਿਚ ਵੀ ਸੁਰੱਖਿਅਤ ਨਹੀਂ, ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਨ ਜਾਂ ਕੇ ਉਜਾੜਾ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਪਿੰਡਾਂ ਸ਼ਹਿਰਾਂ ਵਿਚ ਕਮੇਟੀਆਂ ਬਣਾ ਕੇ ਉਨ੍ਹਾਂ ਨੂੰ ਅਸਲਾ ਦਿੱਤਾ ਜਾਏ ਤਾਂ ਜੋ ਆਪਣੀ ਸੁਰੱਖਿਆ ਖ਼ੁਦ ਕਰ ਸਕਣ ਕਿਉਂਕਿ ਸਾਨੂੰ ਪੁਲਿਸ ਤੋਂ ਆਪਣੀ ਸੁਰੱਖਿਆ ਦੀ ਕੋਈ ਆਸ ਨਹੀਂ ਰਹੀ | ਉਨ੍ਹਾਂ ਕਿਹਾ ਕਿ ਜੇਕਰ ਖ਼ੁਦ ਪੁਲਿਸ ਮੁਲਾਜ਼ਮ ਸੁਰੱਖਿਅਤ ਨਹੀਂ ਤਾਂ ਅਸੀਂ ਕੀ ਆਸ ਕਰਾਂਗੇ | ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀ ਸੁਰੱਖਿਆ ਖ਼ੁਦ ਕਰਨ ਲਈ ਅੱਗੇ ਆਓ ਮੈਂ ਤੁਹਾਡੇ ਨਾਲ ਖੜ੍ਹਾ ਹਾਂ | ਉਨ੍ਹਾਂ ਕਿਹਾ ਕਿ ਜਦ ਤੱਕ ਕਾਲਾ ਗਾਬਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਮੈਂ ਸੰਘਰਸ਼ ਜਾਰੀ ਰੱਖਾਂਗਾ |