ਧੂਰੀ, 2 ਜੂਨ (ਸੰਜੇ ਲਹਿਰੀ) - ਨਗਰ ਕੌਂਸਲ ਧੂਰੀ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਵੱਲੋਂ ਪ੍ਰਾਪਤ ਕੀਤੀ ਗਈ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ 'ਚ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਨਿਵਾਸੀਆਂ ਦਾ ਧੰਨਵਾਦ ਕਰਨ ਲਈ 4 ਜੂਨ ਨੂੰ ਧੂਰੀ ਪਹੁੰਚ ਰਹੇ ਹਨ | ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਨ ਲਈ ਇਹ ਪ੍ਰੋਗਰਾਮ ਧੂਰੀ ਸ਼ਹਿਰ ਵਿਖੇ ਹੀ ਸੰਗਰੂਰ ਵਾਲੀ ਕੋਠੀ 'ਚ ਕਰਵਾਇਆ ਜਾ ਰਿਹਾ ਜਾ ਰਿਹਾ ਹੈ | ਅੱਜ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਵਲੋਂ ਸੰਗਰੂਰ ਵਾਲੀ ਖੰਡਰ ਹੋਈ ਕੋਠੀ ਦੀ ਦਿੱਖ ਸਵਾਰਨ ਲਈ ਅਨੇਕਾਂ ਸਫਾਈ ਕਰਮਚਾਰੀ ਲਗਾਏ ਹੋਏ ਸਨ ਅਤੇ ਜੇ ਸੀ ਬੀ ਮਸ਼ੀਨਾਂ ਦੀ ਮਦਦ ਨਾਲ ਵੀ ਸਫਾਈ ਕਰਵਾਈ ਜਾ ਰਹੀ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਕਾਪਟਰ ਨੂੰ ਉਤਾਰਨ ਲਈ ਅਨਾਜ ਮੰਡੀ ਧੂਰੀ ਵਿਖੇ ਹੈਲੀਪੈਡ ਬਣਾਇਆ ਜਾ ਰਿਹਾ ਅਤੇ ਅਨਾਜ ਮੰਡੀ ਦਾ ਆਲਾ ਦੁਆਲਾ ਵੀ ਸਾਫ ਕਰਵਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਅਨਾਜ ਮੰਡੀ ਧੂਰੀ ਤੋਂ ਜਿਸ ਰਸਤਿਓਾ ਸੰਗਰੂਰ ਵਾਲੀ ਕੋਠੀ ਵੱਲ ਰਵਾਨਾ ਹੋਣਗੇ, ਉਸ ਰਸਤੇ ਨੂੰ ਵੀ ਪੂਰੀ ਤਰ੍ਹਾਂ ਸਵਾਰਿਆ ਜਾ ਰਿਹਾ ਹੈ | ਧੂਰੀ ਦੇ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਗਰ ਕੌਂਸਲ ਚੋਣਾਂ 'ਚ ਸ਼ਹਿਰ ਧੂਰੀ ਵਲੋਂ ਆਮ ਆਦਮੀ ਪਾਰਟੀ ਨੂੰ ਮਿਲੇ ਭਾਰੀ ਸਮਰਥਨ ਦੇ ਚਲਦਿਆਂ ਧੂਰੀ ਸ਼ਹਿਰ ਲਈ ਕਿਸੇ ਵੱਡੀ ਗਰਾਂਟ ਦਾ ਐਲਾਨ ਵੀ ਕਰਕੇ ਜਾ ਸਕਦੇ ਹਨ ਅਤੇ ਇਸ ਦਿਨ ਧੂਰੀ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਕਿਸ ਨਗਰ ਕੌਂਸਲਰ ਦੇ ਸਿਰ ਸਜਾਉਣਾ ਹੈ, ਦਾ ਐਲਾਨ ਵੀ ਕਰਕੇ ਜਾ ਸਕਦੇ ਹਨ, ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਧੂਰੀ ਨਗਰ ਕੌਂਸਲ ਦੀ ਚੋਣ ਜਿੱਤਣ ਵਾਲੇ ਸਾਰੇ 'ਆਪ' ਉਮੀਦਵਾਰਾਂ ਨੂੰ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ਉਪਰ ਮੀਟਿੰਗ ਲਈ ਵੀ ਬੁਲਾਇਆ ਹੋਇਆ ਹੈ |