29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਗੁਰੂਹਰਸਹਾਏ ਵਿਖੇ ਫ਼ਰਨੀਚਰ ਹਾਊਸ ਵਿਚ ਲੱਗੀ ਭਿਆਨਕ ਅੱਗ-ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

Ad Position 21
No active advertisement
ਅਜੀਤ ਡੈਸਕ 06-06-2026
ਗੁਰੂਹਰਸਹਾਏ, 5 ਜੂਨ (ਕਪਿਲ ਕੰਧਾਰੀ)-ਗੁਰੂਹਰਸਹਾਏ ਦੀ ਪੁਰਾਣੀ ਡਾਕਖ਼ਾਨੇ ਵਾਲੀ ਗਲੀ ਵਿਚ ਸਥਿਤ ਗਲਹੋਤਰਾ ਫ਼ਰਨੀਚਰ ਹਾਊਸ ਦੀ ਤਿੰਨ ਮੰਜ਼ਿਲਾਂ ਇਮਾਰਤ ਦੀਆਂ ਉੱਪਰਲੀਆਂ ਦੋ ਮੰਜ਼ਿਲਾਂ ਨੂੰ ਵੀਰਵਾਰ ਤੜਕੇ ਅਚਾਨਕ ਭਿਆਨਕ ਅੱਗ ਲੱਗ ਗਈ | ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ | ਜਿਸ ਕਾਰਨ ਉੱਪਰਲੀਆਂ ਮੰਜ਼ਿਲਾਂ ਵਿਚ ਪਿਆ ਲੱਖਾਂ ਰੁਪਏ ਦਾ ਫ਼ਰਨੀਚਰ ਅਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਦੁਕਾਨ ਮਾਲਕਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਜਲਾਲਾਬਾਦ ਅਤੇ ਫ਼ਿਰੋਜ਼ਪੁਰ ਸਥਿਤ ਫਾਇਰ ਬਿ੍ਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ | ਪਰ ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਮੁਤਾਬਿਕ ਸੂਚਨਾ ਦੇਣ ਤੋਂ ਬਾਅਦ ਵੀ ਕਰੀਬ ਦੋ ਘੰਟੇ ਤੱਕ ਫਾਇਰ ਬਿ੍ਗੇਡ ਦੀ ਗੱਡੀ ਮੌਕੇ 'ਤੇ ਨਹੀਂ ਪਹੁੰਚੀ | ਇਸ ਦੇਰੀ ਕਾਰਨ ਅੱਗ ਨੇ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਉੱਪਰਲੀਆਂ ਦੋ ਮੰਜ਼ਿਲਾਂ ਵਿਚ ਪਿਆ ਸਾਰਾ ਫ਼ਰਨੀਚਰ ਸੜ ਕੇ ਖ਼ਾਕ ਹੋ ਗਿਆ | ਦੁਕਾਨ ਮਾਲਕਾਂ ਨੇ ਦੱਸਿਆ ਕਿ ਇਸ ਅੱਗ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਗੁਰੂਹਰਸਹਾਏ ਵਿਚ ਫਾਇਰ ਬਿ੍ਗੇਡ ਦੀ ਸਥਾਈ ਵਿਵਸਥਾ ਹੁੰਦੀ ਜਾਂ ਅੱਗ ਬੁਝਾਊ ਦਸਤਾ ਸਮੇਂ ਸਿਰ ਪਹੁੰਚ ਜਾਂਦਾ ਤਾਂ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਸੀ | ਅੱਗ ਦੀ ਭਿਆਨਕਤਾ ਨੂੰ ਦੇਖਦਿਆਂ ਸਥਾਨਕ ਲੋਕਾਂ ਨੇ ਆਪਸੀ ਸਹਿਯੋਗ ਨਾਲ ਹੇਠਲੀ ਮੰਜ਼ਿਲ 'ਤੇ ਪਏ ਸਮਾਨ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ | ਲੋਕਾਂ ਦੀ ਮੁਸਤੈਦੀ ਕਾਰਨ ਹੇਠਲੀ ਮੰਜ਼ਿਲ 'ਤੇ ਪਿਆ ਕਾਫ਼ੀ ਸਮਾਨ ਸੁਰੱਖਿਅਤ ਬਚਾ ਲਿਆ ਗਿਆ | ਘਟਨਾ ਦੌਰਾਨ ਮੌਕੇ 'ਤੇ ਪਹੁੰਚੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੁੱਝ ਵਰਕਰਾਂ ਵਿਚਾਲੇ ਸ਼ਹਿਰ ਵਿਚ ਫਾਇਰ ਬਿ੍ਗੇਡ ਦੀ ਸਹੂਲਤ ਨਾ ਹੋਣ ਦੇ ਮਾਮਲੇ ਨੂੰ ਲੈ ਕੇ ਤਿੱਖੀ ਬਹਿਸ ਵੀ ਹੋਈ | ਅੱਗ ਕਾਰਨ ਹੋਏ ਨੁਕਸਾਨ ਤੋਂ ਦੁਖੀ ਦੁਕਾਨ ਮਾਲਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਹਿਰ ਵਿਚ ਫਾਇਰ ਬਿ੍ਗੇਡ ਦੀ ਸਥਾਈ ਸਹੂਲਤ ਨਾ ਹੋਣ 'ਤੇ ਰੋਸ ਪ੍ਰਗਟ ਕੀਤਾ | ਉਨ੍ਹਾਂ ਨੇ ਸਥਾਨਕ ਵਿਧਾਇਕ ਫ਼ੌਜਾਂ ਸਿੰਘ ਸਰਾਰੀ ਅਤੇ ਹੋਰ ਸਿਆਸੀ ਆਗੂਆਂ ਪ੍ਰਤੀ ਵੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ | ਇਸ ਦੌਰਾਨ ਮੌਕੇ 'ਤੇ ਪਹੁੰਚੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਅਤੇ ਸਮਾਜ ਸੇਵੀ ਰਮਿੰਦਰ ਸਿੰਘ ਆਂਵਲਾ ਨੂੰ ਵੀ ਦੁਕਾਨ ਮਾਲਕ ਦੀ ਪਤਨੀ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ | ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਅਤੇ ਵਪਾਰੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁਰੂਹਰਸਹਾਏ ਵਿਚ ਤੁਰੰਤ ਫਾਇਰ ਬਿ੍ਗੇਡ ਦੀ ਸਥਾਈ ਵਿਵਸਥਾ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਦੌਰਾਨ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ | ਖ਼ਬਰ ਲਿਖੇ ਜਾਣ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ ਅਤੇ ਨੁਕਸਾਨ ਦਾ ਅਸਲ ਅੰਦਾਜ਼ਾ ਲਗਾਉਣ ਦੀ ਕਾਰਵਾਈ ਜਾਰੀ ਸੀ | ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਜਰਨੈਲ ਸਿੰਘ ਗਾਬੜੀਆ ਨੇ ਲਗਾਏ ਗੰਭੀਰ ਦੋਸ਼ ਅਗਲੀ ਖ਼ਬਰ ਹਰਦੀਪ ਸਿੰਘ ਪੀ.ਸੀ.ਐੱਸ. ਨੇ ਗੁਰੂਹਰਸਹਾਏ ਦੇ ਐੱਸ.ਡੀ.ਐਮ. ਵਜੋਂ ਅਹੁਦਾ ਸੰਭਾਲਿਆ
Ad Position 24