ਫਿਰੋਜ਼ਪੁਰ, 5 ਜੂਨ (ਸੁਖਵਿੰਦਰ ਸਿੰਘ)-ਜਰਨੈਲ ਸਿੰਘ ਗਾਬੜੀਆ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਵੱਲੋਂ ਆਪਣੇ ਖ਼ਿਲਾਫ਼ ਲਗਾਏ ਗਏ ਦੋਸ਼ਾਂ ਦਾ ਸਖ਼ਤ ਜਵਾਬ ਦਿੰਦਿਆਂ ਕਈ ਗੰਭੀਰ ਇਲਜ਼ਾਮ ਲਗਾਏ ਹਨ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 1 ਤੋਂ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਬਲਵਿੰਦਰ ਕੌਰ ਦੀ ਹਾਰ ਤੋਂ ਬਾਅਦ ਜਸਪਾਲ ਸਿੰਘ ਬੌਖਲਾਹਟ ਵਿਚ ਆ ਕੇ ਬੇਬੁਨਿਆਦ ਬਿਆਨਬਾਜ਼ੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜਸਪਾਲ ਸਿੰਘ ਵਲੋਂ ਹਾਲ ਹੀ ਵਿਚ ਇੱਕ ਅਖ਼ਬਾਰ ਵਿੱਚ ਉਨ੍ਹਾਂ ਨੂੰ ਜਥੇਬੰਦੀ ਵਿਚੋਂ ਖ਼ਾਰਜ ਕਰਨ ਸਬੰਧੀ ਦਿੱਤਾ ਗਿਆ ਬਿਆਨ ਤੱਥਾਂ ਤੋਂ ਪਰੇ ਹੈ | ਉਨ੍ਹਾਂ ਜਸਪਾਲ ਸਿੰਘ 'ਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਆਰਥਿਕ ਧੋਖਾਧੜੀ ਕਰਨ ਦੇ ਵੀ ਦੋਸ਼ ਲਗਾਏ ਅਤੇ ਕਿਹਾ ਕਿ ਜਸਪਾਲ ਸਿੰਘ ਨੂੰ ਪਹਿਲਾਂ ਵੀ ਰਾਜਨੀਤਿਕ ਅਤੇ ਚੋਣੀ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ | ਗਾਬੜੀਆ ਨੇ ਕਿਹਾ ਕਿ ਜਸਪਾਲ ਸਿੰਘ ਨੂੰ ਆਪਣੀ ਕਾਰਗੁਜ਼ਾਰੀ ਅਤੇ ਪਿਛਲੇ ਸਮੇਂ ਦੌਰਾਨ ਕੀਤੀਆਂ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਜਸਪਾਲ ਸਿੰਘ ਆਪਣੀ ਜਥੇਬੰਦੀ ਵਿੱਚ ਮਨਮਰਜ਼ੀ ਨਾਲ ਫ਼ੈਸਲੇ ਲੈਂਦੇ ਹਨ ਅਤੇ ਜੋ ਮੈਂਬਰ ਉਨ੍ਹਾਂ ਨਾਲ ਅਸਹਿਮਤ ਹੁੰਦੇ ਹਨ | ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ | ਗਾਬੜੀਆ ਨੇ ਕਿਹਾ ਕਿ ਜਥੇਬੰਦੀ ਵਿਚੋਂ ਕੱਢੇ ਗਏ ਕੁਝ ਮੈਂਬਰਾਂ ਨੂੰ ਬਾਅਦ ਵਿਚ ਮੁੜ ਸ਼ਾਮਲ ਕਰਨਾ ਇਸ ਗੱਲ ਦੀ ਮਿਸਾਲ ਹੈ | ਜਰਨੈਲ ਸਿੰਘ ਗਾਬੜੀਆ ਨੇ ਕਿਹਾ ਕਿ ਜਸਪਾਲ ਸਿੰਘ ਦਾ ਰਵੱਈਆ ਸਮੇਂ-ਸਮੇਂ 'ਤੇ ਬਦਲਦਾ ਰਿਹਾ ਹੈ ਅਤੇ ਹੁਣ ਉਹ ਆਪਣੀ ਹਾਰ ਦਾ ਗ਼ੁੱਸਾ ਦੂਜਿਆਂ 'ਤੇ ਕੱਢ ਰਹੇ ਹਨ | ਇਸ ਮੌਕੇ ਸਵਰਨ ਸਿੰਘ ਪੰਜਵੜ, ਬਾਬਾ ਬਲਕਾਰ ਸਿੰਘ ਰਾਜਪੂਤ, ਅਮਰ ਸਿੰਘ ਗਾਬੜੀਆ, ਹਰਜਿੰਦਰ ਸਿੰਘ ਬੱਗਾ, ਜਥੇਦਾਰ ਸੁਖਦੇਵ ਸਿੰਘ ਅਤੇ ਜਗਦੀਸ਼ ਸਿੰਘ ਵੀ ਹਾਜ਼ਰ ਸਨ |