ਖੋਸਾ ਦਲ ਸਿੰਘ, 6 ਜੂਨ (ਮਨਪ੍ਰੀਤ ਸਿੰਘ ਸੰਧੂ)-ਸਮੁੱਚੇ ਪੰਜਾਬ ਦੀ ਤਰ੍ਹਾਂ ਜ਼ੀਰਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਅਮਨ ਕਾਨੂੰਨ ਦੀ ਸਥਿਤੀ ਦਿਨ-ਬ-ਦਿਨ ਬਦਤਰ ਹੋ ਰਹੀ ਹੈ | ਮਾੜੀ ਕਾਨੂੰਨ ਵਿਵਸਥਾ ਕਾਰਨ ਆਮ ਲੋਕਾਂ ਵਿਚ ਭਾਰੀ ਸਹਿਮ ਅਤੇ ਰੋਸ ਦਾ ਮਾਹੌਲ ਪਾਇਆ ਜਾ ਰਿਹਾ ਹੈ | ਅਜੇ ਪਿਛਲੇ ਦਿਨੀਂ ਹੋਏ ਕਤਲ ਦੇ ਮੁਲਜ਼ਮ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹੀ ਸਨ ਕਿ ਇਲਾਕੇ ਵਿਚ ਗੋਲੀਬਾਰੀ ਦੀ ਇਕ ਹੋਰ ਖ਼ੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ | ਤਾਜ਼ੀ ਘਟਨਾ ਜ਼ੀਰਾ ਦੇ ਖੋਸਾ ਦਲ ਸਿੰਘ ਦੇ ਨੇੜੇ ਪਿੰਡ ਚੂਚਕ ਵਿੰਡ ਵਿਖੇ ਵਾਪਰੀ ਜਿੱਥੇ ਪਿੰਡ ਸ਼ੂਸ਼ਕ ਦੇ ਰਹਿਣ ਵਾਲੇ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਰਣਧੀਰ ਸਿੰਘ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ | ਇਸ ਹਮਲੇ ਦੌਰਾਨ ਨੌਜਵਾਨ ਨੂੰ ਦੋ ਗੋਲੀਆਂ ਲੱਗੀਆਂ ਹਨ | ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ | ਘਟਨਾ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਵਲੋਂ ਬਾਹਰ ਰੈਫ਼ਰ ਕੀਤਾ ਗਿਆ ਹੈ | ਅਜੇ ਤੱਕ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਗੋਲੀਬਾਰੀ ਦੇ ਅਸਲ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ | ਇਸ ਮੰਦਭਾਗੀ ਘਟਨਾ ਨੂੰ ਲੈ ਕੇ ਸਥਾਨਕ ਆਗੂਆਂ ਅਤੇ ਲੋਕਾਂ ਵਿਚ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਗ਼ੁੱਸਾ ਦੇਖਣ ਨੂੰ ਮਿਲ ਰਿਹਾ ਹੈ | ਆਗੂਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ | ਲੋਕਾਂ ਨੇ ਦੋਸ਼ ਲਾਇਆ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਰਾਈਫਲਾਂ ਖੋਹੀਆਂ ਜਾ ਰਹੀਆਂ ਹਨ ਅਤੇ ਪੁਲਿਸ ਪ੍ਰਸ਼ਾਸਨ ਅਪਰਾਧੀਆਂ ਨੂੰ ਫੜਨ ਦੀ ਬਜਾਏ ਆਮ ਜਨਤਾ ਅਤੇ ਧਰਨਾਕਾਰੀਆਂ ਨੂੰ ਦਬਾਉਣ ਵਿਚ ਲੱਗਾ ਹੋਇਆ ਹੈ | ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਹਮਲਾਵਰਾਂ ਨੂੰ ਜਲਦ ਗਿ੍ਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ |