ਫ਼ਿਰੋਜ਼ਪੁਰ, 6 ਜੂਨ (ਕੁਲਬੀਰ ਸਿੰਘ ਸੋਢੀ)-ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਦੀ ਅਗਵਾਈ ਵਿਚ ਮਿਸ਼ਨ ਨਿਕਸ਼ੇ ਮਿੱਤਰਾ ਅਧੀਨ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਡਾ. ਜਤਿੰਦਰ ਕੋਛੜ ਦੀ ਨਿਗਰਾਨੀ ਹੇਠ ਪੌਸ਼ਟਿਕ ਆਹਾਰ ਦੀਆਂ ਕਿੱਟਾਂ ਵੰਡੀਆਂ ਗਈਆਂ | ਜਾਣਕਾਰੀ ਅਨੁਸਾਰ ਭਾਰਤ ਵਿਕਾਸ ਪ੍ਰੀਸ਼ਦ ਫ਼ਿਰੋਜ਼ਪੁਰ ਸ਼ਹਿਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਹੀ ਹੈ | ਇਸੇ ਲੜੀ ਦੇ ਚੱਲਦੇ ਟੀ.ਬੀ. ਦੇ ਲੋੜਵੰਦ 11 ਮਰੀਜ਼ਾਂ ਨੂੰ ਪੌਸ਼ਟਿਕ ਆਹਾਰ ਦੀਆਂ ਕਿੱਟਾਂ ਵੰਡੀਆਂ ਗਈਆਂ | ਸੰਸਥਾ ਦੇ ਆਗੂ ਸੁਭਾਸ਼ ਚੌਧਰੀ ਅਤੇ ਪ੍ਰਧਾਨ ਸ਼ਵਿੰਦਰ ਮੁਸ਼ਰਾਲ ਨੇ ਦੱਸਿਆ ਕਿ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਟੀ.ਬੀ. ਵਿਭਾਗ ਵਲੋਂ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਸਮੇਂ-ਸਮੇਂ ਸਿਰ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਟੀ.ਬੀ. ਦੇ ਬਚਾਅ ਦੇ ਲਈ ਦਵਾਈ ਦੇ ਨਾਲ ਸਮੇਂ ਸਿਰ ਚੈੱਕਅਪ ਸਾਫ਼ ਸਫ਼ਾਈ ਅਤੇ ਪੌਸ਼ਟਿਕ ਆਹਾਰ ਦੀ ਜ਼ਰੂਰਤ ਹੈ | ਉਨ੍ਹਾਂ ਦੱਸਿਆ ਕਿ ਟੀ.ਬੀ ਵਿਭਾਗ ਦੇ ਕਰਮਚਾਰੀਆਂ ਵਲੋਂ ਟੀ.ਬੀ ਜਾਗਰੂਕਤਾ ਸਬੰਧੀ ਵਿਸ਼ੇਸ਼ ਕੈਂਪ ਵੀ ਲਗਾਏ ਜਾਂਦੇ ਹਨ ਤਾਂ ਕਿ ਲੋਕ ਇਸ ਬਿਮਾਰੀ ਪ੍ਰਤੀ ਜਾਗਰੂਕ ਰਹਿਣ 'ਤੇ ਪੀੜਤ ਆਪਣਾ ਇਲਾਜ ਸਿਵਲ ਹਸਪਤਾਲ ਤੋਂ ਕਰਵਾਉਣ, ਜਿੱਥੇ ਹਰ ਪ੍ਰਕਾਰ ਦੀ ਜਾਣਕਾਰੀ 'ਤੇ ਟੈਸਟਿੰਗ ਪ੍ਰਕਿਰਿਆ ਉਪਲਬਧ ਹੈ | ਇਸ ਮੌਕੇ ਸੰਸਥਾ ਦੇ ਮੈਂਬਰ ਸੁਰੇਸ਼ ਸ਼ਰਮਾ, ਸੁਰਿੰਦਰ ਸ਼ਰਮਾ, ਤਰਸੇਮ ਗਰੋਵਰ, ਅਜੇ ਮੋਂਗਾ, ਸ੍ਰੀਮਤੀ ਜਨਕ ਚੌਧਰੀ, ਸ੍ਰੀਮਤੀ ਅਰੁਣ ਭੋਲਾ, ਸ਼੍ਰੀਮਤੀ ਰੇਨੂੰ ਧਵਨ ਅਤੇ ਸਟਾਫ਼ ਦੇ ਮੈਂਬਰ ਰਾਜਬੀਰ ਸਿੰਘ, ਕਮਲਪ੍ਰੀਤ ਸਿੰਘ ਅਤੇ ਹਰਮਿੰਦਰ ਸਿੰਘ ਤਲਵਾੜ ਆਦਿ ਹਾਜ਼ਰ ਸਨ |