ਗੁਰੂਹਰਸਹਾਏ, 6 ਜੂਨ (ਕਪਿਲ ਕੰਧਾਰੀ)-ਕੌਮਾਂਤਰੀ ਵਾਤਾਵਰਨ ਦਿਵਸ ਦੇ ਮੌਕੇ 'ਤੇ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਗੁਰੂਹਰਸਹਾਏ ਵਲੋਂ ਵਾਤਾਵਰਨ ਦੀ ਸੁਰੱਖਿਆ ਅਤੇ ਹਰਿਆਵਲ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਪੌਦੇ ਲਗਾਉਣ ਦਾ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਸ ਦੌਰਾਨ ਪਰਿਸ਼ਦ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਹਿਰ ਦੇ ਵੱਖ ਵੱਖ ਸਥਾਨਾਂ 'ਤੇ ਵੱਖ-ਵੱਖ ਕਿਸਮਾਂ ਦੇ ਛਾਂਦਾਰ ਅਤੇ ਫਲਦਾਰ ਪੌਦੇ ਲਗਾ ਕੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ | ਪ੍ਰੋਗਰਾਮ ਦੌਰਾਨ ਬੋਲਦਿਆਂ ਪਰਿਸ਼ਦ ਦੇ ਪ੍ਰਧਾਨ ਬੂੜ ਚੰਦ ਬਿੰਦਰਾ, ਸੈਕਟਰੀ ਮਦਨ ਮੋਹਨ ਕੰਧਾਰੀ, ਅਸ਼ੋਕ ਮੋਂਗਾ, ਨਰੇਸ਼ ਮੋਂਗਾ, ਰਵੀ ਗੁਪਤਾ, ਮਨੋਜ ਛਾਬੜਾ, ਕੋਮਲ ਸ਼ਰਮਾ ,ਵਿਕੀ ਮਾਨਕਟਾਲਾ ਆਦੀ ਆਗੂਆਂ ਨੇ ਕਿਹਾ ਕਿ ਵਧਦੇ ਪ੍ਰਦੂਸ਼ਣ, ਗਲੋਬਲ ਵਾਰਮਿੰਗ ਅਤੇ ਕੁਦਰਤੀ ਸਰੋਤਾਂ ਦੀ ਘਟਦੀ ਮਾਤਰਾ ਕਾਰਨ ਵਾਤਾਵਰਨ ਨੂੰ ਗੰਭੀਰ ਖ਼ਤਰੇ ਪੈਦਾ ਹੋ ਰਹੇ ਹਨ | ਅਜਿਹੇ ਸਮੇਂ ਵਿਚ ਹਰ ਵਿਅਕਤੀ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਜੀਵਨ ਵਿਚ ਘੱਟੋ-ਘੱਟ ਇਕ ਪੌਦਾ ਜ਼ਰੂਰ ਲਗਾਏ ਅਤੇ ਉਸ ਦੀ ਸੰਭਾਲ ਵੀ ਕਰੇ | ਉਨ੍ਹਾਂ ਕਿਹਾ ਕਿ ਰੁੱਖ ਸਾਨੂੰ ਸ਼ੁੱਧ ਹਵਾ, ਛਾਂ ਅਤੇ ਜੀਵਨ ਲਈ ਲੋੜੀਂਦਾ ਸੰਤੁਲਿਤ ਵਾਤਾਵਰਨ ਪ੍ਰਦਾਨ ਕਰਦੇ ਹਨ | ਉਨ੍ਹਾਂ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਕੇਵਲ ਇਕ ਦਿਨ ਪੌਦੇ ਲਗਾਉਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੀ ਦੇਖਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ | ਪਰਿਸ਼ਦ ਵਲੋਂ ਭਵਿੱਖ ਵਿਚ ਵੀ ਅਜਿਹੀਆਂ ਸਮਾਜ ਭਲਾਈ ਅਤੇ ਵਾਤਾਵਰਨ ਸੁਰੱਖਿਆ ਨਾਲ ਸੰਬੰਧਿਤ ਗਤੀਵਿਧੀਆਂ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਪਰਿਸ਼ਦ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਗਾਈ ਅਤੇ ਵਾਤਾਵਰਨ ਦੀ ਰੱਖਿਆ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੰਕਲਪ ਲਿਆ | ਪੌਦੇ ਲਗਾਉਣ ਉਪਰੰਤ ਸਭ ਨੂੰ ਵਾਤਾਵਰਨ ਸੁਰੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਤਪਾਲ ਗਿਰਧਰ, ਰਮਨ ਮੋਂਗਾ ਆਦਿ ਹਾਜ਼ਰ ਸਨ |