ਗੁਰੂਹਰਸਹਾਏ, 6 ਜੂਨ (ਕਪਿਲ ਕੰਧਾਰੀ)-ਪ੍ਰਾਈਵੇਟ ਅਨਏਡਿਡ ਸਕੂਲਜ਼ ਐਸੋਸੀਏਸ਼ਨ (ਪੂਸਾ ਪੰਜਾਬ) ਨੇ ਅੰਮਿ੍ਤਸਰ ਵਿਚ ਇਕ ਵਿਦਿਆਰਥਣ ਦੀ ਮੌਤ ਦੀ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਹੈ | ਪੂਸਾ ਪੰਜਾਬ ਦੇ ਸੂਬਾ ਪ੍ਰਧਾਨ ਵਿਨੋਦ ਖੁਰਾਣਾ, ਸੂਬਾ ਸਕੱਤਰ ਮੋਹਿੰਦਰ ਸਿੰਘ ਭੋਲਾ, ਕਾਰਜਕਾਰੀ ਪੰਜਾਬ ਪ੍ਰਧਾਨ ਰਾਜੀਵ ਮਿੱਢਾ, ਜੁਆਇੰਟ ਸਕੱਤਰ ਸਤਪਾਲ ਅਰੋੜਾ ਅਤੇ ਜ਼ਿਲ੍ਹਾ ਪ੍ਰਧਾਨ ਰਵੀ ਮੱਕੜ ਨੇ ਸੂਬਾ ਪੱਧਰੀ ਮੀਟਿੰਗ ਦੌਰਾਨ ਕਿਹਾ ਕਿ ਜੇਕਰ ਕਿਸੇ ਵੀ ਪੱਧਰ 'ਤੇ ਵਿਦਿਆਰਥਣ ਜਾਂ ਉਸ ਦੇ ਪਰਿਵਾਰ ਨਾਲ ਅਣਉਚਿਤ ਵਿਵਹਾਰ ਹੋਇਆ ਹੈ ਤਾਂ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਪੰਜਾਬ ਪ੍ਰਾਈਵੇਟ ਸਕੂਲ ਫ਼ੀਸ ਐਕਟ-2016 ਅਨੁਸਾਰ ਹੀ ਫ਼ੀਸਾਂ ਵਿਚ ਵਾਧਾ ਕਰਦੇ ਹਨ | ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੀਆਂ ਤਨਖ਼ਾਹਾਂ, ਸਾਲਾਨਾ ਇੰਕਰੀਮੈਂਟ, ਬਿਜਲੀ, ਸੁਰੱਖਿਆ ਮਾਪਦੰਡਾਂ ਅਤੇ ਹੋਰ ਪ੍ਰਸ਼ਾਸਨਿਕ ਖ਼ਰਚਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ | ਜਿਸ ਕਾਰਨ ਸਕੂਲਾਂ 'ਤੇ ਵਿੱਤੀ ਬੋਝ ਵਧ ਰਿਹਾ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਾਪਿਆਂ 'ਤੇ ਆਰਥਿਕ ਬੋਝ ਘਟਾਉਣ ਲਈ ਸਿੱਖਿਆ ਖੇਤਰ ਨੂੰ ਬਣਦੀਆਂ ਰਿਆਇਤਾਂ ਦਿੱਤੀਆਂ ਜਾਣ ਅਤੇ ਡਾਇਰੈਕਟ ਬੈਨੀਫਿਟ ਜਾਂ ਵਾਊਚਰ ਪ੍ਰਣਾਲੀ ਵਰਗੇ ਮਾਡਲਾਂ 'ਤੇ ਵੀ ਵਿਚਾਰ ਕੀਤਾ ਜਾਵੇ | ਪੂਸਾ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਪ੍ਰਾਈਵੇਟ ਅਨਏਡਿਡ ਸਕੂਲ ਲੱਖਾਂ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਵੱਡੀ ਗਿਣਤੀ ਵਿਚ ਅਧਿਆਪਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਰਹੇ ਹਨ | ਇਸ ਲਈ ਸਿੱਖਿਆ ਸਬੰਧੀ ਨੀਤੀਆਂ ਬਣਾਉਂਦੇ ਸਮੇਂ ਉਨ੍ਹਾਂ ਦੇ ਸੁਝਾਵਾਂ ਨੂੰ ਵੀ ਯੋਗ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ |