ਜ਼ੀਰਾ, 7 ਜੂਨ (ਰਜਨੀਸ਼ ਕਥੂਰੀਆ)- ਹਥਿਆਰਬੰਦ ਲੁਟੇਰਿਆਂ ਵੱਲੋਂ ਗੋਲੀ ਚਲਾ ਕੇ ਇਕ ਕਿਸਾਨ ਪਾਸੋਂ ਟਰੈਕਟਰ ਖੋਹਣ ਦੇ ਦੋਸ਼ ਵਿੱਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ 6 ਅਣਪਛਾਤੇ ਕਾਰ ਸਵਾਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਥਾਣਾ ਸਦਰ ਜ਼ੀਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਪੀੜਤ ਵਿਅਕਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9 ਵਜੇ ਆਪਣੇ ਟਰੈਕਟਰ-ਟਰਾਲੀ 'ਤੇ ਪਰਾਲੀ ਦੀਆਂ ਗੰਢਾਂ ਲੱਦ ਕੇ ਜ਼ੀਰਾ ਤੋਂ ਮੱਖੂ ਵੱਲ ਜਾ ਰਿਹਾ ਸੀ | ਜਦੋਂ ਉਹ ਪਿੰਡ ਬਹਿਕ ਪਛਾੜੀਆਂ ਦੇ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਸਵਾਰਾਂ ਨੇ ਉਸ ਨੂੰ ਘੇਰ ਲਿਆ | ਕਾਰ ਸਵਾਰਾਂ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਖ਼ਤਰਾ ਮਹਿਸੂਸ ਕਰਦਿਆਂ ਮੈਂ ਟਰੈਕਟਰ ਦੀ ਰਫ਼ਤਾਰ ਵਧਾ ਦਿੱਤੀ | ਜਿਸ ਤੇ ਉਹਨਾਂ ਨੇ ਮੈਨੂੰ ਰੋਕਣ ਲਈ ਪਿਸਤੌਲ ਨਾਲ ਸਿੱਧੀ ਫਾਇਰਿੰਗ ਕਰ ਦਿੱਤੀ | ਖ਼ੁਸ਼ਕਿਸਮਤੀ ਰਹੀ ਕਿ ਗੋਲੀ ਮੈਨੂੰ ਲੱਗਣ ਦੀ ਬਜਾਏ ਟਰੈਕਟਰ ਦੀ ਛੱਤ ਵਿਚ ਜਾ ਵੱਜੀ | ਜਿਸ ਕਰਕੇ ਮੈਂ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਆਪਣਾ ਟਰੈਕਟਰ ਰੋਕ ਲਿਆ | ਇਸ ਤੋਂ ਤੁਰੰਤ ਬਾਅਦ ਕਾਰ ਵਿਚੋਂ 6 ਨੌਜਵਾਨ ਬਾਹਰ ਨਿਕਲੇ ਜਿਨ੍ਹਾਂ ਨੇ ਪਿਸਤੌਲ ਤਾਣ ਕੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਟਰੈਕਟਰ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਬਲਰਾਜ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਜ਼ੀਰਾ ਵਿਖੇ 6 ਅਣਪਛਾਤੇ ਵਿਅਕਤੀਆਂ ਵਿਰੁੱਧ ਜਾਨਲੇਵਾ ਹਮਲਾ ਕਰਨ ਅਤੇ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |