ਫ਼ਿਰੋਜ਼ਪੁਰ, 8 ਜੂਨ (ਕੁਲਬੀਰ ਸਿੰਘ ਸੋਢੀ)-ਜ਼ਿਲ੍ਹਾ ਫ਼ਿਰੋਜ਼ਪੁਰ 'ਚ ਨਵਜਾਤ ਬੱਚਿਆਂ ਦੇ ਸਫਲ ਇਲਾਜ ਲਈ ਜਾਣਿਆ ਜਾਂਦਾ ਸੰਧੂ ਬੱਚਿਆਂ ਦਾ ਹਸਪਤਾਲ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ | ਇੱਥੋਂ ਦੇ ਡਾਕਟਰ ਅਤੇ ਸਟਾਫ਼ ਨਵਜਾਤ ਬੱਚਿਆਂ ਦੇ 18 ਸਾਲ ਤੱਕ ਦੇ ਬੱਚਿਆਂ ਦਾ ਇਲਾਜ ਮਿਹਨਤ ਨਾਲ ਕਰਦੇ ਹਨ ਜਿਸ ਕਰਕੇ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ | ਮਿਲੀ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੀ ਇਕ ਗਰਭਵਤੀ ਮਹਿਲਾ ਨੂੰ ਗੰਭੀਰ ਪ੍ਰੇਸ਼ਾਨੀਆਂ ਕਾਰਨ ਲੁਧਿਆਣਾ ਵਿਖੇ ਰੈਫ਼ਰ ਕੀਤਾ ਗਿਆ | ਜਿੱਥੇ ਉਸ ਵਲੋਂ 11 ਮਾਰਚ 2026 ਨੂੰ 26 ਹਫ਼ਤਿਆਂ ਦੀ ਗਰਭ ਅਵਸਥਾ ਵਿਚ ਇਕ ਬੱਚੇ ਨੂੰ ਜਨਮ ਦਿੱਤਾ ਅਤੇ ਜਨਮ ਸਮੇਂ ਬੱਚੇ ਦਾ ਵਜ਼ਨ ਸਿਰਫ਼ 600 ਗਰਾਮ ਸੀ, ਜਿਸ ਨੂੰ ਗੰਭੀਰ ਸਮੱਸਿਆਵਾਂ ਵੀ ਸਨ | ਜਿਸ ਨੂੰ ਲੁਧਿਆਣਾ ਦੇ ਐਨ.ਆਈ.ਸੀ.ਯੂ ਵਿਚ ਦਾਖਲ ਕੀਤਾ ਗਿਆ | ਪਰ ਆਰਥਿਕ ਹਾਲਾਤ ਸਥਿਰ ਨਾ ਹੋਣ ਕਰਕੇ ਬੱਚੇ ਨੂੰ ਫ਼ਿਰੋਜ਼ਪੁਰ ਵਿਖੇ ਸੰਧੂ ਹਸਪਤਾਲ ਵਿਖੇ ਸੁਰੱਖਿਅਤ ਢੰਗ ਨਾਲ ਲਿਆਂਦਾ ਗਿਆ | ਜਿੱਥੇ ਹਸਪਤਾਲ ਦੀ ਟੀਮ ਵਲੋਂ ਇਲਾਜ ਸ਼ੁਰੂ ਕੀਤਾ ਗਿਆ ਅਤੇ ਬੱਚਾ ਤੰਦਰੁਸਤ ਹੋ ਕੇ ਆਪਣੇ ਘਰ ਪਹੁੰਚ ਗਿਆ ਹੈ | ਸੰਧੂ ਹਸਪਤਾਲ ਦੇ ਮਾਲਕ 'ਤੇ ਸੀਨੀਅਰ ਡਾਕਟਰ ਰਜਿੰਦਰ ਸਿੰਘ ਸੰਧੂ ਨੇ ਉਕਤ ਬੱਚੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬੱਚਾ ਲਗਭਗ ਇਕ ਮਹੀਨਾ ਵੈਂਟੀਲੇਟਰ 'ਤੇ ਰਿਹਾ ਅਤੇ ਉਸ ਨੂੰ ਦੁੱਧ ਦੀ ਖ਼ੁਰਾਕ ਦੇ ਨਾਲ-ਨਾਲ ਦਿਲ ਅਤੇ ਗੁਰਦਿਆਂ ਦੀ ਕਾਰਗੁਜ਼ਾਰੀ ਨੂੰ ਸਹਾਰਾ ਦੇਣ ਵਾਲੀਆਂ ਦਵਾਈਆਂ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਨਵਜਾਤ ਬੱਚੇ ਨੂੰ ਕਈ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਇਨਫੈਕਸ਼ਨ ਨਾਲ ਵੀ ਬਹਾਦਰੀ ਨਾਲ ਲੜਿਆ | ਡਾਕਟਰ ਸੰਧੂ ਨੇ ਦੱਸਿਆ ਕਿ ਹੌਲੀ-ਹੌਲੀ ਬੱਚੇ ਦੀ ਹਾਲਤ ਵਿਚ ਸੁਧਾਰ ਆਇਆ ਅਤੇ ਆਕਸੀਜਨ ਦੀ ਲੋੜ ਖ਼ਤਮ ਹੋ ਗਈ ਅਤੇ 90 ਦਿਨ ਦੇ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਸਿਹਤਮੰਦ ਹੋਣ ਕਰਕੇ ਘਰ ਭੇਜ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਬੱਚੇ ਦਾ ਸਾਰਾ ਇਲਾਜ ਸਿਹਤ ਕਾਰਡ ਅਧੀਨ ਕੀਤਾ ਗਿਆ | ਜਿਸ ਨਾਲ ਪਰਿਵਾਰ ਨੂੰ ਕੋਈ ਵੱਡਾ ਆਰਥਿਕ ਬੋਝ ਨਹੀਂ ਝੱਲਣਾ ਪਿਆ |