ਮਮਦੋਟ, 19 ਜੂਨ (ਰਾਜਿੰਦਰ ਸਿੰਘ ਹਾਂਡਾ)-ਲੱਖੋਂ ਕੇ ਬਹਿਰਾਮ ਮੁੱਖ ਨਹਿਰ ਵਿਚੋਂ ਨਿਕਲ ਕੇ ਸਰਹੱਦੀ ਖੇਤਰ ਦੇ ਸੈਂਕੜੇ ਪਿੰਡਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੀ ਸਪਲਾਈ ਦੇਣ ਵਾਲੇ ਬਹਾਦਰ ਕੇ ਰਜ਼ਬਾਹੇ ਵਿਚ ਪੂਰਾ ਪਾਣੀ ਛੱਡਦਿਆਂ ਹੀ ਪਿੰਡ ਅਵਾਣ ਦੇ ਨਜ਼ਦੀਕ ਪਾੜ ਪੈ ਗਿਆ ਹੈ। ਜਿਸ ਕਾਰਨ ਕਿਸਾਨਾਂ ਵਲੋਂ ਤਾਜ਼ੀ ਕਾਸ਼ਤ ਕੀਤੀ ਝੋਨੇ ਦੀ ਫ਼ਸਲ, ਮੱਕੀ ਅਤੇ ਸਬਜ਼ੀਆਂ ਵਿਚ ਕਈ-ਕਈ ਫੁੱਟ ਪਾਣੀ ਭਰਨ ਕਾਰਨ ਫ਼ਸਲਾਂ ਬਰਬਾਦ ਹੋ ਗਈਆਂ ਹਨ। ਉੱਧਰ ਪਾੜ ਪੈਣ ਕਾਰਨ ਰਜ਼ਬਾਹੇ ਵਿਚ ਪਿੱਛੋਂ ਪਾਣੀ ਬੰਦ ਕਰਨ ਤੋਂ ਬਾਅਦ ਇਸ ਰਜ਼ਬਾਹੇ ਵਿਚਲੇ ਨਹਿਰੀ ਪਾਣੀ ਦੇ ਆਸਰੇ ਕਿਸਾਨਾਂ ਵਲੋਂ ਤਾਜ਼ੀ ਲਗਾਈ ਗਈ ਝੋਨੇ ਦੀ ਫ਼ਸਲ ਪਾਣੀ ਨਾ ਮਿਲਣ ਕਾਰਨ ਸੋਕੇ ਦਾ ਸ਼ਿਕਾਰ ਹੋ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ 2 ਸਾਲ ਪਹਿਲਾਂ ਹੀ ਇਸ ਰਜ਼ਬਾਹੇ ਨੂੰ ਪੱਕਾ ਕੀਤਾ ਗਿਆ ਸੀ। ਇਸ ਰਜ਼ਬਾਹੇ ਨੂੰ ਪੱਕਾ ਕਰਨ ਵਾਲੇ ਠੇਕੇਦਾਰਾਂ ਵਲੋਂ ਘਟੀਆਂ ਅਤੇ ਘੱਟ ਮੈਟੀਰੀਅਲ ਵਰਤਿਆਂ ਗਿਆ। ਉੱਥੇ ਸਰਕਾਰੀ ਹਦਾਇਤਾਂ ਮੁਤਾਬਿਕ ਨਹਿਰ ਦੇ ਕਿਨਾਰਿਆਂ ਦੇ ਨਾਲ ਨਿਯਮਾਂ ਅਨੁਸਾਰ ਪੂਰੀ ਚੌੜਾਈ ਵਿਚ ਮਿੱਟੀ ਦੀਆਂ ਪਟੜੀਆਂ ਨਹੀਂ ਬੰਨੀਆਂ ਗਈਆਂ, ਇਸ ਤਰ੍ਹਾਂ ਠੇਕੇਦਾਰਾਂ ਵਲੋਂ ਨਿਗਰਾਨ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵੱਡੇ ਪੱਧਰ ’ਤੇ ਘਪਲੇਬਾਜ਼ੀ ਕੀਤੀ ਗਈ। ਉਸ ਸਮੇਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵਲੋਂ ਰਜ਼ਬਾਹੇ ਦੀ ਉਸਾਰੀ ਵਿਚ ਹੋ ਰਹੀ ਘਪਲੇਬਾਜ਼ੀ ਦਾ ਕਈ ਵਾਰ ਮਾਮਲਾ ਉਜਾਗਰ ਕੀਤਾ ਗਿਆ, ਪਰੰਤੂ ਪੰਜਾਬ ਸਰਕਾਰ, ਸਿੰਚਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਸ਼ਿਕਾਇਤ ’ਤੇ ਗ਼ੌਰ ਨਹੀਂ ਕੀਤਾ ਗਿਆ। ਉਲਟਾ ਅਧਿਕਾਰੀ ਇਹ ਕਹਿਕੇ ਪੱਲਾ ਝਾੜਦੇ ਨਜ਼ਰ ਆਏ ਕਿ ਰਜ਼ਬਾਹੇ ਨੂੰ ਪੱਕਾ ਕਰਨ ਵਾਲੇ ਠੇਕੇਦਾਰਾਂ ’ਤੇ ਇਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਹੈ। ਇਸ ਰਜ਼ਬਾਹੇ ਦਾ ਸ਼ੁਰੂਆਤੀ ਹਿੱਸੇ ਵਿਚ ਪੱਕਾ ਹੋਣ ਤੋਂ ਮਹੀਨੇ ਬਾਅਦ ਹੀ ਤਰੇੜਾਂ ਆ ਗਈਆਂ ਸਨ। ਜਿਸ ਦੀ ਠੇਕੇਦਾਰ ਵਲੋਂ ਲਿੱਪਾਪੋਚੀ ਕਰਕੇ ਸਾਰ ਦਿੱਤਾ ਗਿਆ। ਇਸ ਰਜਬਾਹੇ ਵਿਚ ਜਦੋਂ ਵੀ ਪੂਰੀ ਮਾਤਰਾ ਵਿਚ ਪਾਣੀ ਛੱਡਿਆਂ ਜਾਂਦਾ ਹੈ। ਉਦੋਂ ਹੀ ਇਹ ਰਜ਼ਬਾਹਾ ਕਿਤੋਂ ਨਾ ਕਿਤੋਂ ਟੁੱਟ ਜਾਂਦਾ ਹੈ ’ਤੇ ਠੇਕੇਦਾਰ ਅਤੇ ਵਿਭਾਗ ਕੰਮ-ਚਲਾਊ ਲਿੱਪਾ-ਪੋਚੀ ਕਰਕੇ ਸਾਰ ਰਿਹਾ ਹੈ। ਕਿਸਾਨਾਂ ਦੀ ਸਰਕਾਰ ਅਤੇ ਪ੍ਰਸ਼ਾਾਸ਼ਨ ਤੋਂ ਮੰਗ ਹੈ ਕਿ ਇਸ ਰਜ਼ਬਾਹੇ ਨੂੰ ਪੱਕਿਆ ਕਰਨ ਮੌਕੇ ਹੋਈ ਘਪਲੇਬਾਜ਼ੀ ਅਤੇ ਇਸ ਦੇ ਕਿਨਾਰਿਆਂ ਦੀ ਚੌੜਾਈ ਦੀ ਮਿਣਤੀ ਕਰਕੇ ਠੇਕੇਦਾਰਾਂ ਅਤੇ ਨਿਗਰਾਨ ਅਧਿਕਾਰੀਆਂ ਖ਼ਿਲਾਫ਼ ਕਰਵਾਈ ਦੇ ਨਾਲ-ਨਾਲ ਕਿਨਾਰਿਆਂ ਦਾ ਆਕਾਰ ਅਤੇ ਮੈਟੀਰੀਅਲ ਪੂਰਾ ਕਰਵਾਇਆ ਜਾਣਾ ਚਾਹੀਦਾ ਹੈ। ਉੱਧਰ ਨਹਿਰੀ ਵਿਭਾਗ ਦੇ ਸਬੰਧਿਤ ਜੇ.ਈ.ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆਂ ਕਿ ਪਾੜ ਨੂੰ ਬੰਦ ਕਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਉੱਚ ਅਧਿਕਾਰੀਆਂ ਦੀ ਹਦਾਇਤਾਂ ’ਤੇ ਰਜ਼ਬਾਹੇ ਵਿਚ ਜ਼ਿਆਦਾ ਪਾਣੀ ਛੱਡਿਆ ਗਿਆ, ’ਤੇ ਰਜ਼ਬਾਹੇ ਦੇ ਸ਼ੁਰੂਆਤੀ ਹਿੱਸੇ ਦੇ ਮੋਘਿਆਂ ਵਿਚ ਪੂਰਾ ਪਾਣੀ ਨਾ ਪੈਣ ਕਾਰਨ ਜ਼ਿਆਦਾ ਪਾਣੀ ਨੇ ਅੱਗੇ ਜਾ ਕੇ ਰਜ਼ਬਾਹੇ ਵਿਚ ਪਾੜ ਪਾ ਦਿੱਤਾ। ਉੱਧਰ ਰਜ਼ਬਾਹੇ ਦੇ ਸ਼ੁਰੂਆਤੀ ਹਿੱਸੇ ਵਾਲੇ ਕਿਸਾਨਾਂ ਦੀ ਮੰਗ ਹੈ ਕਿ ਰਜ਼ਬਾਹੇ ਵਿਚ ਉੱਚੇ ਲਗਾਏ ਗਏ ਮੋਘਿਆਂ ਨੂੰ ਨੀਵਾਂ ਕਰਕੇ ਉਨ੍ਹਾਂ ਦਾ ਆਕਾਰ ਵਧਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਜ਼ਰੂਰਤ ਅਨੁਸਾਰ ਪੂਰਾ ਪਾਣੀ ਮਿਲ ਸਕੇ।