ਫਿਰੋਜ਼ਪੁਰ, 19 ਜੂਨ(ਗੁਰਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ ਹਨੀ ਟ੍ਰਰੈਪ ਦੇ ਜਾਲ ਵਿਚ ਫਸਾ ਕੇ ਇਕ ਨੌਜਵਾਨ ਨੂੰ ਬਲੈਕਮੇਲ ਕਰਨ, ਪਿਸਤੌਲ ਦੀ ਨੋਕ ’ਤੇ ਬੰਧਕ ਬਣਾਉਣ ਅਤੇ ਉਸ ਤੋਂ ਲੱਖਾਂ ਰੁਪਏ ਹੜੱਪਣ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਉਨ੍ਹਾਂ ਦੇ ਚਾਰ ਸਾਥੀ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਪ੍ਰਿੰਸ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲਵਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਗੁਲਾਬੇ ਵਾਲਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਸ ਦੀ ਰਵਨੀਤ ਕੌਰ ਨਾਲ ਜਾਣ-ਪਛਾਣ ਸੀ। ਬੀਤੀ 14 ਮਈ ਨੂੰ ਰਵਨੀਤ ਕੌਰ ਉਸ ਨੂੰ ਆਪਣੇ ਨਾਲ ਫ਼ਿਰੋਜ਼ਪੁਰ ਦੀ ਬਸਤੀ ਨਿਜ਼ਾਮਦੀਨ ਵਾਲੀ ਵਿਖੇ ਆਪਣੀ ਮਾਸੀ ਦੇ ਘਰ ਲੈ ਗਈ। ਜਿੱਥੇ ਪਹਿਲਾਂ ਤੋਂ ਹੀ ਅਮਨਦੀਪ ਕੌਰ, ਪੂਜਾ, ਦਾਨਿਸ਼, ਗੁਰਪ੍ਰੀਤ ਸਿੰਘ ਅਤੇ ਲੱਖੀਂ ਉਰਫ਼ ਲੱਕੀ ਮੌਜੂਦ ਸਨ। ਪੀੜਤ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਨੇ ਉਸ ਦੇ ਕੰਨ ’ਤੇ ਪਿਸਤੌਲ ਤਾਣ ਕੇ ਉਸ ਨਾਲ ਕੁੱਟਮਾਰ ਕੀਤੀ, ਉਸ ਦੇ ਕੱਪੜੇ ਉਤਾਰ ਕੇ ਵੀਡੀਓ ਬਣਾਈ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਮੰਗ ਕੀਤੀ। ਡਰ ਦੇ ਮਾਰੇ ਉਸ ਨੇ ਆਪਣੇ ਖਾਤੇ ਵਿਚੋਂ 3 ਲੱਖ ਰੁਪਏ ਉਨ੍ਹਾਂ ਦੇ ਖਾਤੇ ਵਿਚ ਟਰਾਂਸਫ਼ਰ ਕਰ ਦਿੱਤੇ। ਇਸ ਦੇ ਬਾਵਜੂਦ ਮੁਲਜ਼ਮ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਰਵਨੀਤ ਕੌਰ ਪੁੱਤਰੀ ਛਮਿੰਦਰ ਸਿੰਘ ਵਾਸੀ ਗੁਲਾਬੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਪੂਜਾ ਪੁੱਤਰੀ ਸੋਨਾ ਵਾਸੀ ਗੁਲਾਬੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਅਮਨਦੀਪ ਕੌਰ ਪਤਨੀ ਦਾਨਿਸ਼ ਵਾਸੀ ਬਸਤੀ ਨਿਜਾਮਦੀਨ ਵਾਲੀ ਥਾਣਾ ਸਦਰ ਫ਼ਿਰੋਜ਼ਪੁਰ, ਦਾਨਿਸ਼ ਪੁੱਤਰ ਪਿਆਰਾ ਵਾਸੀ ਬਸਤੀ ਨਿਜਾਮਦੀਨ ਵਾਲੀ ਥਾਣਾ ਸਦਰ ਫ਼ਿਰੋਜ਼ਪੁਰ, ਗੁਰਪ੍ਰੀਤ ਸਿੰਘ ਪੁੱਤਰ ਨਾਮਾਲੂਮ ਵਾਸੀ ਪਿੰਡ ਇਛੇ ਵਾਲਾ ਥਾਣਾ ਸਦਰ ਫ਼ਿਰੋਜ਼ਪੁਰ, ਲੱਖੀਂ ਉਰਫ ਲੱਕੀ ਪੁੱਤਰ ਗੀਨਾ ਵਾਸੀ ਪਿੰਡ ਦੁਲਚੀ ਕੇ ਥਾਣਾ ਸਦਰ ਫ਼ਿਰੋਜ਼ਪੁਰ ਖ਼ਿਲਾਫ਼ ਧਾਰਾ 308(3),318(4), 61(2),351(3), 127(2) ਬੀ ਐਨ ਐੱਸ, 25-54-59 ਅਸਲਾ ਐਕਟ, 385,420, 120-ਬੀ 506 342 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਦਾਨਿਸ਼ ’ਤੇ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।