ਫ਼ਿਰੋਜ਼ਪੁਰ, 22 ਜੂਨ (ਕੁਲਬੀਰ ਸਿੰਘ ਸੋਢੀ-ਅੱਜ ਫ਼ਿਰੋਜ਼ਪੁਰ ਦੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਈਆਂ। ਮੀਟਿੰਗ ਦੌਰਾਨ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਸੂਬਿਆਂ ਵਿਚ ਸਿੱਖਾਂ ਨਾਲ ਵਾਪਰ ਰਹੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਅਤੇ ਅਫ਼ਸੋਸ ਪ੍ਰਗਟ ਕੀਤਾ ਗਿਆ। ਜਥੇਬੰਦੀਆਂ ਨੇ ਕਿਹਾ ਕਿ ਕਈ ਥਾਵਾਂ ’ਤੇ ਸਿੱਖਾਂ ਨੂੰ ਕਿਰਪਾਨ ਬਣਾਉਣ, ਆਪਣੇ ਕੋਲ ਰੱਖਣ ਅਤੇ ਧਾਰਨ ਕਰਨ ਤੋਂ ਰੋਕਣ ਜਾਂ ਕਿਰਪਾਨ ਉਤਾਰਨ ਲਈ ਮਜਬੂਰ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਇਲਾਵਾ ਸਿੱਖਾਂ ਦੀਆਂ ਗੱਡੀਆਂ ਅਤੇ ਮੋਟਰਸਾਈਕਲਾਂ ’ਤੇ ਲੱਗੇ ਨਿਸ਼ਾਨ ਸਾਹਿਬ ਨੂੰ ਵੀ ਲੁਹਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਨਾਲ ਵੀ ਕਈ ਥਾਵਾਂ ’ਤੇ ਬਦਸਲੂਕੀ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜੋ ਬਹੁਤ ਹੀ ਚਿੰਤਾਜਨਕ ਹਨ। ਆਗੂਆਂ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਵਲੋਂ ਸਿੱਖਾਂ ਨੂੰ ਆਪਣੇ ਧਾਰਮਿਕ ਵਿਸ਼ਵਾਸ ਅਨੁਸਾਰ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਪ੍ਰਾਪਤ ਹੈ। ਇਸ ਲਈ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਅਤੇ ਮੂਲ ਅਧਿਕਾਰਾਂ ਵਿਚ ਦਖ਼ਲਅੰਦਾਜ਼ੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 24 ਜੂਨ 2026 ਨੂੰ ਸਵੇਰੇ 10 ਵਜੇ ਫ਼ਿਰੋਜ਼ਪੁਰ ਦੀਆਂ ਸਮੂਹ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਖ਼ਾਲਸਾ ਗੁਰਦੁਆਰਾ, ਫ਼ਿਰੋਜ਼ਪੁਰ ਛਾਉਣੀ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਹੋਣਗੀਆਂ। ਉੱਥੋਂ ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਰਾਹੀਂ ਸਬੰਧਿਤ ਸੂਬਿਆਂ ਦੀਆਂ ਸਰਕਾਰਾਂ ਨੂੰ ਮੰਗ-ਪੱਤਰ ਭੇਜੇ ਜਾਣਗੇ ਅਤੇ ਸਿੱਖਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਇੰਟਰਨੈਸ਼ਨਲ ਪੰਥਕ ਦਲ ਦੇ ਬਾਬਾ ਸਤਨਾਮ ਸਿੰਘ ਵਲੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਵਲੋਂ ਭਾਈ ਲਖਬੀਰ ਸਿੰਘ ਮੁਹਲੰਮ, ਅਕਾਲੀ ਦਲ ਪੁਨਰ ਸੁਰਜੀਤ ਤੋਂ ਡਾ.ਮੁਖ਼ਤਿਆਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਗੁਰਚਰਨ ਸਿੰਘ ਭੁੱਲਰ, ਬਾਬਾ ਬੁੱਢਾ ਸਾਹਿਬ ਗ੍ਰੰਥੀ ਪਾਠੀ ਸਭਾ ਤੋਂ ਕੁਲਵੰਤ ਸਿੰਘ, ਅਕਾਲੀ ਦਲ ਵਾਰਸ ਪੰਜਾਬ ਤੋਂ ਬਾਬਾ ਬਲਕਾਰ ਸਿੰਘ ਇਲਮੇਵਾਲਾ, ਏਕਨੂਰ ਖ਼ਾਲਸਾ ਫ਼ੌਜ ਹਿੰਮਤ ਸਿੰਘ ਸ਼ਕੂਰ, ਗੁਰਬਚਨ ਸਿੰਘ ਪ੍ਰਧਾਨ ਸੁਖਮਨੀ ਸੁਸਾਇਟੀ ਮੱਲ੍ਹਾਂ ਵਾਲਾ, ਮਹਿਤਾ ਫੈਡਰੇਸ਼ਨ ਤੋਂ ਕੁਲਦੀਪ ਸਿੰਘ ਨੱਢਾ ਅਤੇ ਮਿਸਲ ਸਤਲੁਜ ਤੋਂ ਜਰਨਲ ਸਕੱਤਰ ਮਾਨ ਸਿੰਘ ਕਿੱਲੀ ਆਦਿ ਹਾਜ਼ਰ ਸਨ।