ਚੌਕ ਮਹਿਤਾ, 22 ਜੂਨ (ਜਗਦੀਸ਼ ਸਿੰਘ ਬਮਰਾਹ)-ਪਾਵਰਕਾਮ ਤਰਨ ਤਾਰਨ ਸਰਕਲ ਦੇ ਉਪ ਮੁੱਖ ਇੰਜ. ਮੋਹਤਮ ਸਿੰਘ ਤੇ ਰਈਆ ਮੰਡਲ ਬਿਆਸ ਦੇ ਵਧੀਕ ਨਿਗਰਾਨ ਇੰਜ. ਹਰਕ੍ਰਿਸ਼ਨ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪਾਵਰਕਾਮ ਦਫਤਰ ਮਹਿਤਾ ਚੌਂਕ ਵਿਖੇ ਪੁੱਜ ਕੇ ਉਪ ਮੰਡਲ ਅਫ਼ਸਰ ਹਰਭਿੰਦਰ ਸਿੰਘ ਚਾਹਲ ਦੇ ਨਾਲ ਦਫਤਰ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਮੁਆਇਨਾ ਕੀਤਾ। ਬਾਅਦ ਵਿਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ, ਕਿਉਂਕਿ ਝੋਨੇ ਦੀ ਲਵਾਈ ਦਾ ਸੀਜ਼ਨ ਪੂਰੇ ਜ਼ੋਰਾਂ ‘ਤੇ ਹੈ ਅਤੇ ਅੱਜ ਕੱਲ੍ਹ ਆ ਰਹੀਆਂ ਤੇਜ਼ ਹਨ੍ਹੇਰੀਆਂ ਅਤੇ ਬਰਸਾਤ ਕਾਰਨ ਜਿੱਥੇ ਬਿਜਲੀ ਦੀਆਂ ਲਾਈਨਾਂ ਅਤੇ ਟਰਾਂਸਫਾਰਮਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ ਉੱਥੇ ਕਿਸਾਨਾਂ ਨੂੰ ਟਿਊਬਵੈੱਲਾਂ ਵਾਸਤੇ ਨਿਰਵਿਘਨ ਬਿਜਲੀ ਸਪਲਾਈ ਦੇਣੀ ਵੀ ਔਖੀ ਹੋ ਜਾਂਦੀ ਹੈ। ਇਸ ਲਈ ਉਨ੍ਹਾਂ ਨੇ ਅੱਜ ਇਸ ਇਲਾਕੇ ਦਾ ਸਪੈਸ਼ਲ ਦੌਰਾ ਕਰਕੇ ਨੁਕਸਾਨੀਆਂ ਗਈਆਂ ਬਿਜਲੀ ਦੀਆਂ ਲਾਈਨਾਂ ਦਾ ਮੁਆਇਨਾ ਕੀਤਾ ਅਤੇ ਬਹੁਤ ਸਾਰੇ ਖਪਤਕਾਰਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਜਾਣੀਆਂ ਤੇ ਕੁਝ ਕੁ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰੀ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਇਸ ਪੱਖੋਂ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਪਾਵਰ ਕਾਮ ਦੇ ਵੱਖ-ਵੱਖ ਉਪ ਮੰਡਲ ਅਫ਼ਸਰ ਹਰਭਿੰਦਰ ਸਿੰਘ ਚਾਹਲ ਮਹਿਤਾ ਚੌਕ, ਗੁਰਜਿੰਦਰ ਸਿੰਘ ਬਾਬਾ ਬਕਾਲਾ ਸਾਹਿਬ, ਲਵਪ੍ਰੀਤ ਸਿੰਘ ਰਈਆ, ਪੁਖਰਾਜ ਸਿੰਘ ਬੁਟਾਰੀ, ਪ੍ਰਧਾਨ ਬਲਵਿੰਦਰ ਸਿੰਘ ਅਰਜਨ ਮਾਂਗਾ, ਤੋਂ ਇਲਾਵਾ ਸਰਪੰਚ ਜਸਪਾਲ ਸਿੰਘ ਪੱਡਾ, ਜਰਮਨਜੀਤ ਸਿੰਘ ਜ਼ਿਲ੍ਹਾ ਪਰਿਸ਼ਦ ਮੈਂਬਰ, ਸੁਖਜਿੰਦਰ ਸਿੰਘ ਸੋਨੀ ਧਰਦਿਉ, ਦਰਬਾਰਾ ਸਿੰਘ ਪੰਚ, ਕੁਲਵੰਤ ਸਿੰਘ ਬਲਾਕ ਸੰਮਤੀ ਮੈਂਬਰ ਤੇ ਹੋਰ ਕਈ ਖਪਤਕਾਰ ਵੀ ਮੌਜੂਦ ਸਨ।
ਪਾਵਰਕਾਮ ਐੱਸ. ਈ. ਤੇ ਐਕਸੀਅਨ ਵਲੋਂ ਮਹਿਤਾ ਚੌਕ ਸਬ ਡਵੀਜ਼ਨ ਦਾ ਮੁਆਇਨਾ
ਅਜੀਤ ਡੈਸਕ
23-06-2026