ਟਾਂਗਰਾ, 22 ਜੂਨ (ਹਰਜਿੰਦਰ ਸਿੰਘ ਕਲੇਰ)-ਪਿੰਡ ਜੱਬੋਵਾਲ ਦੇ ਨੌਜਵਾਨ ਮਨਜਿੰਦਰ ਸਿੰਘ ਮੰਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਇਆ ਗਿਆ, ਉਪਰੰਤ ਪਿੰਡ ਦੇ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਵੈਰਾਗਮਈ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ, ਮਿੱਤਰਾਂ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਹਾਜ਼ਰੀ ਭਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਜਿੰਦਰ ਸਿੰਘ ਮੰਨਾ ਦਾ ਜਨਮ ਪਿਤਾ ਅਵਤਾਰ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦੇ ਘਰ ਹੋਇਆ ਸੀ। ਉਹ ਆਪਣੇ ਪਿੱਛੇ ਦਾਦੀ ਕਸ਼ਮੀਰ ਕੌਰ, ਭਰਾ ਗੁਰਜਿੰਦਰ ਸਿੰਘ, ਪਤਨੀ ਜਸ਼ਨਪ੍ਰੀਤ ਕੌਰ ਅਤੇ ਪੰਜ ਮਹੀਨਿਆਂ ਦੇ ਮਾਸੂਮ ਪੁੱਤਰ ਨੂੰ ਸਦਾ ਲਈ ਵਿਛੋੜਾ ਦੇ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ। ਗੁਰਦੁਆਰਾ ਸੰਤਸਰ ਸਾਹਿਬ ਵਿਖੇ ਭਾਈ ਤਰਲੋਚਨ ਸਿੰਘ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਸਮਾਗਮ ਦੌਰਾਨ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸੰਦੀਪ ਸਿੰਘ ਏ.ਆਰ., ਬੀਬੀ ਬਲਵਿੰਦਰ ਕੌਰ (ਮਾਤਾ ਭਾਈ ਅੰਮ੍ਰਿਤਪਾਲ ਸਿੰਘ), ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਕੋਟਲਾ, ਮਾ: ਜਰਮਨਜੀਤ ਸਿੰਘ ਛੱਜਲਵੱਡੀ (ਪ੍ਰਧਾਨ, ਡੈਮੋਕਰੇਟ ਮੁਲਾਜ਼ਮ ਫਰੰਟ ਪੰਜਾਬ), ਤੇਜਬੀਰ ਸਿੰਘ ਖਾਲਸਾ, ਸਾਬਕਾ ਸਰਪੰਚ ਰਣਜੀਤ ਸਿੰਘ ਢੋਟੀਆਂ, ਨਵਰਾਜ ਸਿੰਘ ਜੱਬੋਵਾਲ ਸਮੇਤ ਹੋਰ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਮਨਜਿੰਦਰ ਸਿੰਘ ਮੰਨਾ ਦੇ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਘਰ ਪਰਤਦੇ ਸਮੇਂ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਵਿਚ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਤਲਾਂ ਕੋਲ ਏਕੇ-47 ਵਰਗੇ ਆਧੁਨਿਕ ਹਥਿਆਰਾਂ ਦਾ ਪਹੁੰਚਣਾ ਕਾਨੂੰਨ-ਵਿਵਸਥਾ ਉੱਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾ ਸਕਦੀ ਤਾਂ ਸੰਬੰਧਿਤ ਜ਼ਿੰਮੇਵਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੌਜਵਾਨ ਦੀ ਅਚਾਨਕ ਮੌਤ ਦਾ ਦੁੱਖ ਉਸ ਦੇ ਮਾਤਾ-ਪਿਤਾ, ਪਤਨੀ ਅਤੇ ਮਾਸੂਮ ਬੱਚਿਆਂ ਲਈ ਉਮਰ ਭਰ ਦਾ ਨਾ ਪੂਰਾ ਹੋਣ ਵਾਲਾ ਘਾਟਾ ਹੁੰਦਾ ਹੈ। ਸਮਾਗਮ ਦੇ ਅੰਤ ਵਿਚ ਪਰਿਵਾਰ ਵਲੋਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਸਮੂਹ ਸੰਗਤ, ਰਿਸ਼ਤੇਦਾਰਾਂ, ਮਿੱਤਰਾਂ ਅਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਹਾਜ਼ਰੀ ਭਰਨ ਅਤੇ ਦੁੱਖ ਦੀ ਘੜੀ ਵਿਚ ਸਾਥ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਜਥੇਦਾਰ ਬਾਬਾ ਅਮਰ ਸਿੰਘ (ਮੁੱਖ ਸੇਵਾਦਾਰ), ਮਲਕੀਤ ਸਿੰਘ ਸਰਜਾ, ਗੁਰਵਿੰਦਰ ਸਿੰਘ ਖਾਸਾ, ਡਾ. ਹਰਦੀਪ ਸਿੰਘ ਗਦਲੀ, ਬਿਕਰਮਜੀਤ ਸਿੰਘ ਕੋਟਲਾ (ਮੈਂਬਰ ਐੱਸ.ਜੀ.ਪੀ.ਸੀ.), ਨਵਪ੍ਰੀਤ ਸਿੰਘ ਟੋਨੀ ਕੋਟਲਾ, ਅੰਮ੍ਰਿਤਪਾਲ ਸਿੰਘ ਔਜਲਾ, ਚੈਨ ਮਾਨ, ਡਾ. ਸ਼ਮਸ਼ੇਰ ਸਿੰਘ, ਜਪਨ ਸ਼ਾਹ, ਭਾਈ ਅਮਨਦੀਪ ਸਿੰਘ ਡੱਡੂਆਣਾ, ਭਾਈ ਹਰਪ੍ਰੀਤ ਸਿੰਘ ਜਲੂਪੁਰ ਖੈੜਾ, ਭਾਈ ਮਨਜਿੰਦਰ ਸਿੰਘ ਮਹਿਤਾ, ਪ੍ਰੀਤਮ ਸਿੰਘ ਭਿੰਡਰ, ਬਲਜੀਤ ਸਿੰਘ ਸੈਕਟਰੀ, ਹਰਮਿੰਦਰ ਸਿੰਘ ਖਾਸਾ, ਮਾਸਟਰ ਸੁਖਚੈਨ ਸਿੰਘ ਮਾਨ, ਹਰਪ੍ਰੀਤ ਸਿੰਘ ਕੋਟ ਹਯਾਤ, ਹਰਜਿੰਦਰ ਸਿੰਘ ਢੋਟੀਆਂ, ਡਾ. ਕੈਪਟਨ ਸਿੰਘ ਭੰਗਵਾਂ, ਬਿਕਰਮਜੀਤ ਸਿੰਘ ਮਾਲੋਵਾਲ, ਮੋਹਕਮਜੀਤ ਸਿੰਘ ਨਾਰਾਇਣਗੜ੍ਹ, ਸੁਖਦੇਵ ਸਿੰਘ ਚੌਹਾਨ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਨਵਰਾਜ ਸਿੰਘ ਜੱਬੋਵਾਲ ਨੇ ਨਿਭਾਈ।
ਸਵ. ਮਨਜਿੰਦਰ ਸਿੰਘ ਮੰਨਾ ਨੂੰ ਸ਼ਰਧਾਂਜਲੀਆਂ ਭੇਟ
ਅਜੀਤ ਡੈਸਕ
23-06-2026