ਫ਼ਿਰੋਜ਼ਪੁਰ, 24 ਜੂਨ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਵਿਖੇ ਇਕ ਵਿਆਹੁਤਾ ਔਰਤ ਨੂੰ ਉਸ ਦੇ ਸਹੁਰੇ ਪਰਿਵਾਰ ਵਲੋਂ ਹੋਰ ਦਾਜ-ਦਹੇਜ ਦੀ ਮੰਗ ਨੂੰ ਲੈ ਕੇ ਉਸ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਣ ਦੇ ਦੋਸ਼ ’ਚ ਥਾਣਾ ਵੁਮੈਨ ਫ਼ਿਰੋਜ਼ਪੁਰ ਦੀ ਪੁਲਿਸ ਨੇ ਉਸ ਦੇ ਪਤੀ ਅਤੇ ਸੱਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਾਂਚ ਕਰਤਾ ਭਾਵਨਾ ਨੇ ਦੱਸਿਆ ਕਿ ਪੁਲਿਸ ਵਿਭਾਗ ਨੂੰ ਇਕ ਲਿਖਤੀ ਦਰਖਾਸਤ (ਨੰਬਰ ਯੂ.ਆਈ.ਡੀ 729795, ਮਿਤੀ 5 ਫਰਵਰੀ 2026) ਪ੍ਰਾਪਤ ਹੋਈ ਸੀ। ਇਹ ਸ਼ਿਕਾਇਤ ਪਿੰਕਾ ਰਾਣੀ ਪਤਨੀ ਵੀਰ ਸਿੰਘ ਅਤੇ ਪੁੱਤਰੀ ਬਲਕਾਰ ਸਿੰਘ, ਜੋ ਕਿ ਪਿੰਡ ਮੇਘਾਂ ਪੰਜ ਗਰਾਈ ਦੀ ਸਥਾਨਕ ਵਾਸੀ ਹੈ ਵਲੋਂ ਦਰਜ ਕਰਵਾਈ ਗਈ ਸੀ। ਪੀੜਤ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਵਿਆਹ ਸਾਲ 2024 ਦੌਰਾਨ ਪੂਰੇ ਰੀਤੀ-ਰਿਵਾਜਾਂ ਨਾਲ ਵੀਰ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਨਾਗਰ ਵਾਲੇ ਝੁੱਗੇ (ਗੰਧੂ ਕਿਲਚਾ), ਫ਼ਿਰੋਜ਼ਪੁਰ ਨਾਲ ਹੋਇਆ ਸੀ। ਪਿੰਕਾ ਰਾਣੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਵਿਆਹ ਦੇ ਸਮੇਂ ਉਸ ਦੇ ਗ਼ਰੀਬ ਮਾਤਾ-ਪਿਤਾ ਨੇ ਆਪਣੀ ਵਿੱਤੀ ਹੈਸੀਅਤ ਅਤੇ ਸਮਰੱਥਾ ਤੋਂ ਵੀ ਕਿਤੇ ਵੱਧ ਕੇ ਦਾਜ-ਦਹੇਜ ਦਾ ਸਾਰਾ ਸਾਮਾਨ ਦਿੱਤਾ ਸੀ ਪਰ ਉਸ ਦਾ ਪਤੀ ਵੀਰ ਸਿੰਘ ਅਤੇ ਉਸ ਦੀ ਸੱਸ ਜੋਗਿੰਦਰੋ ਬਾਈ ਇਸ ਦਿੱਤੇ ਗਏ ਦਾਜ-ਦਹੇਜ ਅਤੇ ਕੀਮਤੀ ਸਾਮਾਨ ਤੋਂ ਬਿਲਕੁਲ ਵੀ ਖ਼ੁਸ਼ ਨਹੀਂ ਸਨ, ਨੇ ਵਿਆਹ ਦੇ ਕੁੱਝ ਸਮੇਂ ਬਾਅਦ ਹੀ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪੀੜਤਾਂ ਨੇ ਅੱਗੇ ਦੱਸਿਆ ਕਿ ਉਸ ਦਾ ਪਤੀ ਅਤੇ ਸੱਸ ਲਗਾਤਾਰ ਉਸ ਉੱਤੇ ਆਪਣੇ ਪੇਕੇ ਘਰੋਂ ਹੋਰ ਨਕਦੀ ਅਤੇ ਕੀਮਤੀ ਦਾਜ ਲਿਆਉਣ ਲਈ ਨਾਜਾਇਜ਼ ਦਬਾਅ ਪਾਉਣ ਲੱਗੇ। ਜਦੋਂ ਵਿਆਹੁਤਾ ਪਿੰਕਾ ਰਾਣੀ ਨੇ ਆਪਣੇ ਮਾਪਿਆਂ ਦੀ ਮਾੜੀ ਆਰਥਿਕ ਹਾਲਤ ਦਾ ਹਵਾਲਾ ਦਿੰਦੇ ਹੋਏ ਹੋਰ ਦਾਜ ਲਿਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਸ ਦੇ ਪਤੀ ਵੀਰ ਸਿੰਘ ਅਤੇ ਸੱਸ ਜੋਗਿੰਦਰੋ ਬਾਈ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਬਿਨਾਂ ਕਿਸੇ ਰਹਿਮ ਦੇ ਘਰੋਂ ਬਾਹਰ ਕੱਢ ਦਿੱਤਾ। ਹੈੱਡ ਕਾਂਸਟੇਬਲ ਭਾਵਨਾ ਨੇ ਦੱਸਿਆ ਕਿ ਵਿਆਹੁਤਾ ਵਲੋਂ ਲਗਾਏ ਗਏ ਦੋਸ਼ਾਂ ਦੀ ਮੁੱਢਲੀ ਪੜਤਾਲ ਕਰਨ ਤੋਂ ਬਾਅਦ ਥਾਣਾ ਵੁਮੈਨ ਫ਼ਿਰੋਜ਼ਪੁਰ ਵਿਖੇ ਮੁਲਜ਼ਮ ਪਤੀ ਵੀਰ ਸਿੰਘ ਅਤੇ ਸੱਸ ਜੋਗਿੰਦਰੋ ਬਾਈ ਦੇ ਖ਼ਿਲਾਫ਼ ਧਾਰਾ 498-ਏ, 406 ਆਈ.ਪੀ.ਸੀ. ਅਤੇ 04 ਡੋਰੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।