15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਆਜ਼ਾਦੀ ਦਿਹਾੜੇ ਮੌਕੇ ਨਸ਼ਿਆਂ ਦੇ ਗੜ੍ਹ ’ਤੇ ਚੱਲਿਆ ਪੀਲਾ ਪੰਜਾ, ਨਸ਼ਾ ਤਸਕਰਾਂ ਦੇ ਦੋ ਨਾਜਾਇਜ਼ ਮਕਾਨ ਢਾਹੇ

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 15 ਅਗਸਤ (ਇਕਬਾਲ ਸਿੰਘ ਸ਼ਾਂਤ) - ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਵਰ੍ਹਿਆਂ ਤੋਂ ਪੰਜਾਬ ਮੰਡੀ ਬੋਰਡ ਦੇ ਮੰਡੀ ਕਿੱਲਿਆਂਵਾਲੀ ਸਬ ਯਾਰਡ ਖੇਤਰ ’ਚ ਨਾਜਾਇਜ਼ ਕਬਜ਼ਿਆਂ ਹੇਠਲੇ ਨਸ਼ਿਆਂ...

Ad Position 21
No active advertisement
ਅਜੀਤ ਡੈਸਕ 15-08-2026

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 15 ਅਗਸਤ (ਇਕਬਾਲ ਸਿੰਘ ਸ਼ਾਂਤ) - ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਵਰ੍ਹਿਆਂ ਤੋਂ ਪੰਜਾਬ ਮੰਡੀ ਬੋਰਡ ਦੇ ਮੰਡੀ ਕਿੱਲਿਆਂਵਾਲੀ ਸਬ ਯਾਰਡ ਖੇਤਰ ’ਚ ਨਾਜਾਇਜ਼ ਕਬਜ਼ਿਆਂ ਹੇਠਲੇ ਨਸ਼ਿਆਂ ਦੇ ਗੜ੍ਹ ਬਣੇ ਰਕਬੇ ਤੋਂ ਅੱਜ ਆਜ਼ਾਦੀ ਦਿਹਾੜੇ ਮੌਕੇ ਨਸ਼ਿਆਂ ਤੋਂ ਮੁਕਤੀ ਦਾ ਆਗਾਜ਼ ਹੋਇਆ। ਇਥੇ ਨਸ਼ਾ ਤਸਕਰੀ ਵਿਚ ਗੜੁੱਚ ਇਕ ਮਾਂ-ਪੁੱਤ ਸਮੇਤ ਦੋ ਪਰਿਵਾਰਾਂ ਵਲੋਂ ਉਸਾਰੇ ਦੋ ਨਾਜਾਇਜ਼ ਮਕਾਨ ਢਾਹ ਦਿੱਤੇ ਗਏ। ਕਾਰਵਾਈ ਲਈ ਸਿਵਲ ਪ੍ਰਸ਼ਾਸਨ ਦੇ ਨਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਡੀ ਗਿਣਤੀ ਅਮਲੇ, ਜੇਸੀਬੀ ਅਤੇ ਐਂਬੂਲੈਂਸਾਂ ਸਮੇਤ ਪੁੱਜੀ। ਪਲਾਂ ਵਿਚ ਦੋਵੇਂ ਉਸਾਰੀਆਂ ਢਹਿ-ਢੇਰੀ ਕਰ ਦਿੱਤੀਆਂ ਗਈਆਂ।
ਜ਼ਿਲ੍ਹਾ ਪੁਲਿਸ ਅਤੇ ਮਾਰਕੀਟ ਕਮੇਟੀ ਕਿੱਲਿਆਂਵਾਲੀ ਵਲੋਂ ਸਾਂਝੀ ਕਾਰਵਾਈ ਤਹਿਤ ਮਾਲਵਾ ਰੋਡ ’ਤੇ ਦੋਵੇਂ ਨਾਜਾਇਜ਼ ਮਕਾਨਾਂ ’ਤੇ ਪੀਲਾ ਪੰਜਾ ਚਲਾਇਆ ਗਿਆ। ਕਾਰਵਾਈ ਐਸਪੀ (ਡੀ) ਮਨਮੀਤ ਸਿੰਘ ਢਿੱਲੋਂ, ਡਿਊਟੀ ਮਜਿਸਟਰੇਟ ਤੇ ਤਹਿਸੀਲਦਾਰ ਜੇਪੀ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਕੰਗ ਦੀ ਮੌਜੂਦਗੀ ਵਿਚ ਹੋਈ। ਇਸ ਮੌਕੇ ਡੀਐਸਪੀ ਹਰਬੰਸ ਸਿੰਘ, ਡੀਐਸਪੀ (ਡੀ) ਰਛਪਾਲ ਸਿੰਘ, ਥਾਣਾ ਕਿੱਲਿਆਂਵਾਲੀ ਦੇ ਮੁਖੀ ਕਰਮਜੀਤ ਕੌਰ ਅਤੇ ਥਾਣਾ ਲੰਬੀ ਦੇ ਮੁਖੀ ਜਸਵੀਰ ਸਿੰਘ ਮੌਜੂਦ ਸਨ।
ਸਰਕਾਰੀ ਸਕੂਲ ਦੀ ਖੰਡਰ ਇਮਾਰਤ ਦੇ ਕਮਰਿਆਂ ਵਿਚ ਨਾਜਾਇਜ਼ ਤੌਰ ’ਤੇ ਬੈਠੇ ਲੋਕਾਂ ਦੇ ਵਿਹੜਿਆਂ ਵਿਚ ਕੀਤੀਆਂ ਕੱਚੀਆਂ ਉਸਾਰੀਆਂ ਵੀ ਢਾਹੀਆਂ ਗਈਆਂ। ਕਈ ਪਰਿਵਾਰ ਖੰਡਰ ਸਕੂਲ ਦੇ ਕਮਰਿਆਂ ਵਿਚੋਂ ਆਪਣਾ ਸਾਮਾਨ ਚੁੱਕ ਕੇ ਲਿਜਾਂਦੇ ਵਿਖਾਈ ਦਿੱਤੇ।
ਐਸਪੀ (ਡੀ) ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਤਹਿਤ ਮੰਡੀ ਬੋਰਡ ਦੇ ਰਕਬੇ ਵਿਚ ਉਸਾਰੇ ਮਾਂ ਕਾਂਤਾ ਉਰਫ ਮਾਣੀ ਤੇ ਉਸ ਦੇ ਪੁੱਤਰ ਸੁਨੀਲ ਕੁਮਾਰ ਉਰਫ ਸ਼ੀਲੂ ਤੋਂ ਇਲਾਵਾ ਸੱਤਪਾਲ ਨਾਲ ਸੰਬੰਧਿਤ ਦੋ ਗੈਰ-ਕਾਨੂੰਨੀ ਮਕਾਨ ਸਮਰੱਥ ਅਥਾਰਟੀ ਦੇ ਹੁਕਮਾਂ ਅਨੁਸਾਰ ਢਾਹੇ ਗਏ। ਤਿੰਨਾਂ ਜਣਿਆਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਅਜੇ ਇਹ ਕਾਰਵਾਈ ਇਥੋਂ ਤੱਕ ਸੀਮਤ ਹੈ। ਬਾਕੀ ਕਬਜ਼ਿਆਂ ਲਈ ਸੰਬੰਧਿਤ ਵਿਭਾਗ ਵਲੋਂ ਮੰਗੇ ਜਾਣ ’ਤੇ ਪੁਲਿਸ ਇਮਦਾਦ ਦਿੱਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ 'ਚ ਪਾਕਿਸਤਾਨ ਦੇ ਝੰਡੇ ਸਮੇਤ ਪਹੁੰਚੇ ਗੁਬਾਰੇ ਅਗਲੀ ਖ਼ਬਰ ਆਜ਼ਾਦੀ ਦਿਵਸ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੁਆਰਾ ਐਟ ਹੋਮ ਰਿਸੈਪਸ਼ਨ ਦਾ ਆਯੋਜਨ
Ad Position 24