02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਵਪਾਰੀਆਂ ਨੂੰ ਸਮੇਂ ਸਿਰ ਐਡਵਾਂਸ ਟੈਕਸ ਜਮ੍ਹਾਂ ਕਰਵਾਉਣ ਦੀ ਅਪੀਲ-ਇਨਕਮ ਟੈਕਸ ਅਫ਼ਸਰ ਸੁਖਦੀਪ ਕੁਮਾਰ

Ad Position 21
No active advertisement
ਅਜੀਤ ਡੈਸਕ 08-07-2026
ਫ਼ਿਰੋਜ਼ਪੁਰ, 7 ਜੁਲਾਈ (ਰਾਕੇਸ਼ ਚਾਵਲਾ)-ਪ੍ਰਿੰਸੀਪਲ ਕਮਿਸ਼ਨਰ ਆਫ਼ ਇਨਕਮ ਟੈਕਸ-1 ਅੰਮ੍ਰਿਤਸਰ ਅੰਸ਼ੂ ਪ੍ਰਕਾਸ਼ ਅਤੇ ਸੰਯੁਕਤ ਆਮਦਨ ਕਰ ਕਮਿਸ਼ਨਰ-1, ਬਠਿੰਡਾ ਬਸ਼ੀਰ ਅਹਿਮਦ ਭੱਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਮਦਨ ਕਰ ਵਿਭਾਗ, ਫ਼ਿਰੋਜ਼ਪੁਰ ਵਲੋਂ ਆਮਦਨ ਕਰ ਦਫ਼ਤਰ ਵਿਖੇ ਐਡਵਾਂਸ ਟੈਕਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਦੋ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੀ ਪ੍ਰਧਾਨਗੀ ਆਮਦਨ ਕਰ ਅਧਿਕਾਰੀ (ਇਨਕਮ ਟੈਕਸ ਅਫ਼ਸਰ), ਫ਼ਿਰੋਜ਼ਪੁਰ ਸੁਖਦੀਪ ਕੁਮਾਰ ਨੇ ਕੀਤੀ। ਇਨ੍ਹਾਂ ਮੀਟਿੰਗਾਂ ਵਿਚ ਜਵੈਲਰਜ਼ ਐਸੋਸੀਏਸ਼ਨ, ਫਾਰਮੇਸੀ ਐਸੋਸੀਏਸ਼ਨ, ਡਾਕਟਰਜ਼ ਐਸੋਸੀਏਸ਼ਨ ਅਤੇ ਕੱਪੜਾ ਵਪਾਰੀ ਸੰਘ (ਥੋਕ ਅਤੇ ਪਰਚੂਨ) ਦੇ ਨੁਮਾਇੰਦਿਆਂ ਨੇ ਭਾਗ ਲਿਆ। ਆਮਦਨ ਕਰ ਅਧਿਕਾਰੀ ਸੁਖਦੀਪ ਕੁਮਾਰ ਨੇ ਵਪਾਰੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਦੇ ਆਕਾਰ ਅਤੇ ਵਿੱਤੀ ਲੈਣ-ਦੇਣ ਦੇ ਅਨੁਸਾਰ ਸਮੇਂ ਸਿਰ ਐਡਵਾਂਸ ਟੈਕਸ ਜਮ੍ਹਾ ਕਰਵਾਉਣ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਮੇਂ ਸਿਰ ਐਡਵਾਂਸ ਟੈਕਸ ਜਮ੍ਹਾ ਕਰਵਾਉਣ ਨਾਲ ਵਿਆਜ ਦੇ ਬੋਝ ਤੋਂ ਬਚਿਆ ਜਾ ਸਕਦਾ ਹੈ ਅਤੇ ਸਾਲ ਦੇ ਅੰਤ ਵਿਚ ਟੈਕਸ ਦਾ ਵਾਧੂ ਬੋਝ ਨਹੀਂ ਪੈਂਦਾ। ਉਨ੍ਹਾਂ ਸਾਰੇ ਵਪਾਰੀਆਂ ਨੂੰ ਆਪਣੀ ਅਨੁਮਾਨਿਤ ਆਮਦਨ ਅਨੁਸਾਰ ਸਮੇਂ-ਸਮੇਂ ’ਤੇ ਟੈਕਸ ਦਾ ਸਹੀ ਮੁਲਾਂਕਣ ਕਰਕੇ ਐਡਵਾਂਸ ਟੈਕਸ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਸਮੇਂ ਸਿਰ ਇਨਕਮ ਟੈਕਸ ਰਿਟਰਨ ਭਰਨ ਦੇ ਲਾਭਾਂ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਰਿਟਰਨ ਭਰਨ ਨਾਲ ਟੈਕਸ ਰਿਫੰਡ ਪ੍ਰਾਪਤ ਕਰਨ ਵਿਚ ਸਹੂਲਤ ਹੁੰਦੀ ਹੈ। ਬੈਂਕ ਕਰਜ਼ਾ ਲੈਣ ਸਮੇਂ ਆਮਦਨ ਦਾ ਸਬੂਤ ਉਪਲਬਧ ਰਹਿੰਦਾ ਹੈ, ਵਿੱਤੀ ਭਰੋਸੇਯੋਗਤਾ ਵਧਦੀ ਹੈ ਅਤੇ ਭਵਿੱਖ ਦੀਆਂ ਵੱਖ-ਵੱਖ ਵਿੱਤੀ ਅਤੇ ਵਪਾਰਕ ਲੋੜਾਂ ਵਿਚ ਵੀ ਲਾਭ ਮਿਲਦਾ ਹੈ। ਮੀਟਿੰਗਾਂ ਵਿਚ ਨਵੇਂ ਆਮਦਨ ਕਰ ਐਕਟ, 2025 ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਪਾਰੀਆਂ ਨੂੰ ਦੱਸਿਆ ਗਿਆ ਕਿ ਨਵੀਂ ਵਿਵਸਥਾ ਵਿਚ ਟੈਕਸ ਪਾਲਨਾ ਨੂੰ ਵਧੇਰੇ ਸਰਲ, ਪਾਰਦਰਸ਼ੀ ਅਤੇ ਤਕਨੀਕ ਆਧਾਰਤ ਬਣਾਇਆ ਗਿਆ ਹੈ। ਸਾਲਾਨਾ ਸੂਚਨਾ ਵੇਰਵੇ (ਏ.ਆਈ.ਐੱਸ.) ਅਤੇ ਟੈਕਸ ਦਾਤਾ ਸੂਚਨਾ ਸਾਰ (ਟੀ.ਆਈ.ਐੱਸ.) ਵਿਚ ਉਪਲਬਧ ਵਿੱਤੀ ਜਾਣਕਾਰੀ ਦਾ ਇਨਕਮ ਟੈਕਸ ਰਿਟਰਨ ਨਾਲ ਮਿਲਾਣ ਕਰਨ, ਸਮੇਂ ਸਿਰ ਐਡਵਾਂਸ ਟੈਕਸ ਜਮ੍ਹਾ ਕਰਵਾਉਣ ਅਤੇ ਨਵੇਂ ਪ੍ਰਬੰਧਾਂ ਦੀ ਪਾਲਨਾ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਸਾਂਝੀਦਾਰੀ ਫ਼ਰਮਾਂ (ਪਾਰਟਨਰਸ਼ਿਪ ਫ਼ਰਮਾਂ) ਵਿਚ ਭਾਈਵਾਲਾਂ ਨੂੰ ਦਿੱਤੇ ਜਾਣ ਵਾਲੇ ਮਿਹਨਤਾਨੇ ’ਤੇ ਸਰੋਤ ’ਤੇ ਟੈਕਸ ਕਟੌਤੀ (ਟੀ.ਡੀ.ਐੱਸ.) ਸਮੇਤ ਹਾਲ ਹੀ ਦੇ ਮਹੱਤਵਪੂਰਨ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਮਦਨ ਕਰ ਇੰਸਪੈਕਟਰ ਰਤਨ ਯਾਦਵ, ਦਫ਼ਤਰ ਸੁਪਰਡੈਂਟ ਸੁਰੇਸ਼ ਕੁਮਾਰ ਅਤੇ ਟੈਕਸ ਸਹਾਇਕ ਸੁਸ਼ੀਲ ਕੁਮਾਰ ਨੇ ਵੀ ਟੈਕਸ ਦਾਤਿਆਂ ਦੇ ਸ਼ੰਕਿਆਂ ਦਾ ਨਿਵਾਰਨ ਕੀਤਾ ਅਤੇ ਆਮਦਨ ਕਰ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ’ਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ। ਅੰਤ ਵਿਚ ਵਪਾਰੀਆਂ ਨੇ ਆਮਦਨ ਕਰ ਵਿਭਾਗ ਵਲੋਂ ਉਲੀਕੇ ਗਏ ਇਸ ਜਾਗਰੂਕਤਾ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਸਮੇਂ ਸਿਰ ਐਡਵਾਂਸ ਟੈਕਸ ਜਮ੍ਹਾ ਕਰਵਾਉਣ ਅਤੇ ਆਮਦਨ ਕਰ ਨਾਲ ਸਬੰਧਿਤ ਜ਼ਿੰਮੇਵਾਰੀਆਂ ਨੂੰ ਸਮੇਂ ਸਿਰ ਪੂਰਾ ਕਰਨ ਦਾ ਸੰਕਲਪ ਲਿਆ।
Ad Position 22
No active advertisement
ਪਿਛਲੀ ਖ਼ਬਰ ਰੁੱਖ ਕੁਦਰਤ ਦਾ ਸਭ ਤੋਂ ਕੀਮਤੀ ਤੋਹਫ਼ਾ- ਦਰਸ਼ਨ ਸਿੰਘ ਕਟਾਰੀਆ ਅਗਲੀ ਖ਼ਬਰ ਭੰਨਤੋੜ, ਗਾਲੀ ਗਲੋਚ ਅਤੇ ਹਵਾਈ ਫਾਇਰਿੰਗ ਕਰਨ ’ਤੇ 6 ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ
Ad Position 24
No active advertisement