ਫ਼ਿਰੋਜ਼ਪੁਰ, 12 ਜੁਲਾਈ (ਕੁਲਬੀਰ ਸਿੰਘ ਸੋਢੀ)-ਮਨੁੱਖੀ ਅਧਿਕਾਰਾਂ ਦੇ ਮਹਾਨ ਰਾਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਸ਼ਹਾਦਤ ਸਥਾਨ ਹਰੀਕੇ ਹੈੱਡ ਵਿਖੇ ਫ਼ਿਰੋਜ਼ਪੁਰ ਦੀਆਂ ਵੱਖ-ਵੱਖ ਇਨਸਾਫ ਪਸੰਦ ਜਥੇਬੰਦੀਆਂ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ, ਕਿਸਾਨ ਜਥੇਬੰਦੀਆਂ ਅਤੇ ਹੋਰ ਲੋਕ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਉਪਰੰਤ ਮਸ਼ਾਲ ਮਾਰਚ ਕੱਢਿਆ ਗਿਆ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ, ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਕਿਸਾਨ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਭੁੱਲਰ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਆਗੂਆਂ ਨੇ ਆਪਣੇ ਸੰਬੋਧਨਾਂ ਵਿਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਵਲੋਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਨਿਭਾਈ ਗਈ ਇਤਿਹਾਸਕ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾ ਬੇਕਸੂਰ ਨੌਜਵਾਨਾਂ ਦੇ ਜਬਰੀ ਗਾਇਬ ਕੀਤੇ ਜਾਣ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਦੁਨੀਆਂ ਸਾਹਮਣੇ ਰੱਖਿਆ, ਜਿਸ ਲਈ ਉਨ੍ਹਾਂ ਨੂੰ ਆਪਣੀ ਸ਼ਹਾਦਤ ਦੇਣੀ ਪਈ। ਆਗੂਆਂ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਦੀ ਕੁਰਬਾਨੀ ਇਨਸਾਫ, ਸੱਚ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲਿਆਂ ਲਈ ਪ੍ਰੇਰਣਾ ਸਰੋਤ ਹੈ। ਇਸ ਮੌਕੇ ਭਾਈ ਜਸਵੰਤ ਸਿੰਘ ਖਾਲੜਾ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਅਰਦਾਸ ਕੀਤੀ ਗਈ, ਜਿਸ ਤੋਂ ਬਾਅਦ ਹਰੀਕੇ ਹੈੱਡ ਤੋਂ ਰਾਜਸਥਾਨ ਫੀਡਰ ਤੱਕ ਮਸ਼ਾਲ ਮਾਰਚ ਕੱਢਿਆ ਗਿਆ। ਗੱਲਬਾਤ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ’ਤੇ ਬਣੀ ਫ਼ਿਲਮ ਨੂੰ ਪੰਜਾਬ ਸਮੇਤ ਪੂਰੀ ਦੁਨੀਆਂ ਦੇ ਸਿਨੇਮਾ ਘਰਾਂ ਵਿਚ ਬਿਨ੍ਹਾ ਕਿਸੇ ਰੋਕ-ਟੋਕ ਦੇ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਨਵੀਂ ਪੀੜ੍ਹੀ ਉਨ੍ਹਾਂ ਦੇ ਜੀਵਨ, ਸੰਘਰਸ਼ ਅਤੇ ਸ਼ਹਾਦਤ ਤੋਂ ਜਾਣੂ ਹੋ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹਰੀਕੇ ਹੈੱਡ ਵਰਕਸ/ਸਤਲੁਜ ਦਰਿਆ ਦੇ ਕੰਢੇ, ਜਿੱਥੇ ਭਾਈ ਖਾਲੜਾ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਯਾਦਗਾਰੀ ਸਥਾਨ ਹੈ, ਉੱਥੇ ਭਾਈ ਜਸਵੰਤ ਸਿੰਘ ਖਾਲੜਾ ਅਤੇ ਸਮੂਹ ਸ਼ਹੀਦਾਂ ਦੀ ਇਕ ਸ਼ਾਨਦਾਰ ਯਾਦਗਾਰ ਉਸਾਰੀ ਜਾਵੇ। ਇਸ ਮੌਕੇ ਦਲਵਿੰਦਰ ਸਿੰਘ ਸ਼ੇਰਖਾਂ, ਸਰਬਜੀਤ ਸਿੰਘ ਭਾਵੜਾ, ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਪਾਲ ਸਿੰਘ, ਜਗਵਿੰਦਰ ਸਿੰਘ, ਗੁਰਜੀਤ ਸਿੰਘ, ਨਛੱਤਰ ਸਿੰਘ ਮਲਸੀਆਂ, ਜਗਸੀਰ ਸਿੰਘ, ਰਵਿੰਦਰ ਸਿੰਘ, ਸੂਰਤ ਸਿੰਘ ਆਦਿ ਹਾਜ਼ਰ ਸਨ।
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹਾਦਤ ਸਥਾਨ ਹਰੀਕੇ ਹੈੱਡ ਵਿਖੇ ਇਨਸਾਫ ਪਸੰਦ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਅਤੇ ਮਸ਼ਾਲ ਮਾਰਚ
ਅਜੀਤ ਡੈਸਕ
13-07-2026