ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਹੋਣਹਾਰ ਖਿਡਾਰੀਆਂ ਨੂੰ ਕੀਤਾ ਜਾਣਾ ਚਾਹੀਦਾ ਹੈ ਉਤਸ਼ਾਹਿਤ : ਸੰਦੀਪ ਜਾਖੜ
ਅਬੋਹਰ, 12 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਬੀਤੇ ਦਿਨੀਂ ਥਾਈਲੈਂਡ ਵਿਖੇ ਹੋਈ ਅੰਤਰਰਾਸ਼ਟਰੀ ਪੱਧਰੀ ਪਾਵਰ ਲਿਫ਼ਟਿੰਗ ਪ੍ਰਤੀਯੋਗਤਾ ਵਿਚ ਅਬੋਹਰ ਦੀ ਪੁਰਾਣੀ ਸੂਰਜ ਨਗਰੀ ਸਥਿਤ ਪਾਵਰ ਲਿਫਟਰ ਅਰਦਿੱਮਪ੍ਰੀਤ ਸਿੰਘ ਨੇ ਪਾਵਰ ਲਿਫ਼ਟਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਸੋਨੇ ਦੇ ਤਗਮੇ ਹਾਸਲ ਕਰਕੇ ਆਪਣੇ ਅਬੋਹਰ ਸ਼ਹਿਰ ਦਾ ਹੀ ਨਹੀਂ ਬਲਕਿ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਤਹਿਤ ਜਾਖੜ ਟਰੱਸਟ ਵਲੋਂ ਅਰਦਿੱਮਪ੍ਰੀਤ ਸਿੰਘ ਨੂੰ ਇਸ ਉਪਲਬਧੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅਰਦਿੱਮਪ੍ਰੀਤ ਸਿੰਘ ਦੇ ਘਰ ਪੁਰਾਣੀ ਸੂਰਜ ਨਗਰੀ ਵਿਸ਼ੇਸ਼ ਤੌਰ ’ਤੇ ਪੁੱਜੇ ਵਿਧਾਇਕ ਸੰਦੀਪ ਜਾਖੜ ਸਣੇ ਜਾਖੜ ਟਰੱਸਟ ਦੇ ਆਗੂਆਂ ਨੇ ਅਰਦਿਮਪ੍ਰੀਤ ਸਿੰਘ ਨੂੰ ਦੁਸ਼ਾਲਾ ਅਤੇ ਸਨਮਾਨ ਪੱਤਰ ਦੇ ਕੇ ਉਤਸ਼ਾਹਿਤ ਕੀਤਾ। ਵਿਧਾਇਕ ਸੰਦੀਪ ਜਾਖੜ ਦਾ ਅਰਦਿੱਮਪ੍ਰੀਤ ਸਿੰਘ ਦੇ ਪਿਤਾ ਗੁਰਵਿੰਦਰ ਪਾਲ ਸਿੰਘ ਅਤੇ ਮਾਤਾ ਹਰਵਿੰਦਰ ਕੌਰ ਤੋਂ ਇਲਾਵਾ ਨਜ਼ਦੀਕੀ ਰਿਸ਼ਤੇਦਾਰਾਂ ਨੇ ਨਿੱਘਾ ਸਵਾਗਤ ਕੀਤਾ। ਸੰਦੀਪ ਜਾਖੜ ਨੇ ਪਾਵਰ ਲਿਫਟਰ ਅਰਦਿੱਮਪ੍ਰੀਤ ਸਿੰਘ ਦੀ ਸ਼ਲਾਘਾ ਕਰਦੇ ਹੋਏ ਦੁਬਈ ਵਿਚ ਹੋਣ ਵਾਲੇ ਅਗਲੇ ਮੁਕਾਬਲਿਆਂ ਦੇ ਲਈ ਵੀ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਵਿਧਾਇਕ ਨੇ ਅਰਦਿੱਮਪ੍ਰੀਤ ਸਿੰਘ ਤੋਂ ਪਾਵਰ ਲਿਫ਼ਟਿੰਗ ਸੰਬੰਧੀ ਬਾਰੀਕੀ ਨਾਲ ਜਾਣਕਾਰੀ ਵੀ ਹਾਸਲ ਕੀਤੀ। ਸੰਦੀਪ ਜਾਖੜ ਨੇ ਕਿਹਾ ਕਿ ਅਰਦਿੱਮਪ੍ਰੀਤ ਸਿੰਘ ਵਲੋਂ ਆਪਣੇ ਪੱਧਰ ’ਤੇ ਪਾਵਰ ਲਿਫ਼ਟਿੰਗ ਵਿਚ ਸੋਨ ਤਗਮੇ ਹਾਸਲ ਕਰਨਾ ਆਪਣੇ ਆਪ ਵਿਚ ਕਾਬਿਲ-ਏ ਤਾਰੀਫ਼ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਵੀ ਅਜਿਹੇ ਹੋਣਹਾਰ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸਾਬਕਾ ਕੌਂਸਲਰ ਨਰੇਸ਼ ਵਧਵਾ, ਸਾਬਕਾ ਕੌਂਸਲਰ ਮੰਗਤ ਰਾਏ ਬੱਠਲਾ, ਅਨੁਰਾਗ ਅਸੀਜਾ, ਕੌਂਸਲਰ ਸੰਨ੍ਹੀ ਵਾਟਸ ਆਦਿ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਅਰਦਿੱਮਪ੍ਰੀਤ ਸਿੰਘ ਨੇ ਥਾਈਲੈਂਡ ਵਿਖੇ ਹੋਈ ਅੰਤਰਰਾਸ਼ਟਰੀ ਪੱਧਰ ਦੀ ਪਾਵਰ ਲਿਫ਼ਟਿੰਗ ਪ੍ਰਤੀਯੋਗਤਾ ਦੇ 185 ਕਿੱਲੋ ਬੈਂਚ ਪ੍ਰੈੱਸ ਅਤੇ 260 ਕਿੱਲੋ ਡੈਡ ਲਿਫ਼ਟ ਵਿਚੋਂ ਅੱਵਲ ਆਉਂਦੇ ਹੋਏ ਸੋਨੇ ਦੇ ਤਗਮੇ ਹਾਸਲ ਕੀਤੇ ਸਨ।
ਅੰਤਰਰਾਸ਼ਟਰੀ ਪੱਧਰ ’ਤੇ ਪਾਵਰ ਲਿਫ਼ਟਿੰਗ ਵਿਚ ਸੋਨ ਤਗਮੇ ਹਾਸਿਲ ਕਰਨ ਵਾਲੇ ਅਰਦਿੱਮਪ੍ਰੀਤ ਸਿੰਘ ਨੂੰ ਜਾਖੜ ਟਰੱਸਟ ਨੇ ਕੀਤਾ ਸਨਮਾਨਿਤ
ਅਜੀਤ ਡੈਸਕ
13-07-2026