ਫ਼ਿਰੋਜ਼ਪੁਰ,14 ਜੁਲਾਈ (ਕੁਲਬੀਰ ਸਿੰਘ ਸੋਢੀ)-ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਦੇਖਿਆ ਗਿਆ ਹੈ ਕਿ ਸਰਕਾਰੀ ਮੁਲਾਜ਼ਮ ਲਗਾਤਾਰ ਧਰਨਿਆਂ ’ਤੇ ਬੈਠ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਜਿਸ ਦਾ ਨੁਕਸਾਨ ਵੱਡੇ ਪੱਧਰ ’ਤੇ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੇ ਚੋਣਾਂ ਤੋਂ ਪਹਿਲਾ ਜਿਵੇਂ ਲੋਕਾਂ ਨਾਲ ਵਾਅਦੇ ਕੀਤੇ ਸਨ, ਉਵੇਂ ਹੀ ਸਰਕਾਰੀ ਮੁਲਾਜ਼ਮਾਂ ਅਤੇ ਠੇਕੇ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਉਹ ਵਫ਼ਾ ਨਹੀਂ ਹੋਇਆ। ਇਸ ਦੇ ਚੱਲਦੇ ਮੁਲਾਜ਼ਮ ਧਰਨਿਆਂ ’ਤੇ ਬੈਠਣ ਲਈ ਮਜਬੂਰ ਹੋ ਗਏ ਤੇ ਲੋਕ ਆਪਣਾ ਕੰਮ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਕੱਟਦੇ ਰਹਿੰਦੇ ਹਨ ਤੇ ਜਾਣਕਾਰੀ ਮਿਲਦੀ ਹੈ ਕਿ ਸਟਾਫ਼ ਹੈ ਨਹੀਂ, ਜੇ ਹੈ ਤਾਂ ਛੁੱਟੀ ’ਤੇ ਜਾਂ ਫਿਰ ਹੜਤਾਲ ’ਤੇ ਗਿਆ ਹੋਇਆ ਹੈ। ਦੇਖਿਆ ਜਾਵੇ ਤਾਂ ਜਨਤਾ ਨੂੰ ਹੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਜਿਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਫ਼ਰੀ ਵਾਲੀ ਸਹੂਲਤ ਨਾ ਦਿਓ, ਪੈਸੇ ਲੈ ਲਵੋ ਪਰ ਸਹੂਲਤਾਂ ਤੋਂ ਵਾਂਝੇ ਨਾ ਰੱਖੋ। ਦੇਖਣ ਵਿਚ ਆਇਆ ਹੈ ਕਿ ਸਰਕਾਰ ਦੇ ਸਿੱਖਿਆ, ਸਿਹਤ ਤੇ ਬਿਜਲੀ ਮਹਿਕਮਾ ਅਜਿਹੇ ਮਹਿਕਮੇ ਹਨ, ਜਿਨ੍ਹਾਂ ਵਿਚ ਆਮ ਜਨਤਾ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਪਰ ਉੱਥੇ ਲੋਕਾਂ ਦੀ ਖੱਜਲ ਖ਼ੁਆਰੀ ਦਿਨ-ਬ-ਦਿਨ ਲਗਾਤਾਰ ਵੱਧ ਰਹੀ ਹੈ। ਦੇਖਣ ਵਿਚ ਆਇਆ ਹੈ ਕਿ ਬਿਜਲੀ ਵਿਭਾਗ ਵਿਚ ਦਫ਼ਤਰੀ ਤੇ ਫ਼ੀਲਡ ਕਰਮਚਾਰੀਆਂ ਦੀ ਵੱਡੀ ਘਾਟ ਕਰਕੇ ਲੋਕਾਂ ਨੂੰ ਕੰਮ ਕਾਜ ਕਰਵਾਉਣ ਵਿਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨਾਂ ਵਿਚ ਬਿਜਲੀ ਮਹਿਕਮੇ ਅੰਦਰ ਯੂਨੀਅਨਾਂ ਦੇ ਆਪਸੀ ਮਤਭੇਦ ਕਰਕੇ ਵੀ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਤੇ ਅਧਿਕਾਰੀ ਵੀ ਇਨ੍ਹਾਂ ਦੇ ਆਪਸੀ ਮਤਭੇਦ ਖ਼ਤਮ ਕਰਵਾਉਣ ਵਿਚ ਅਸਫਲ ਰਹੇ, ਜਿਸ ਦਾ ਨੁਕਸਾਨ ਵੀ ਜਨਤਾ ਨੂੰ ਝੱਲਣਾ ਪਿਆ। ਇਸ ਦੇ ਕਾਰਨ ਪਤਾ ਕਰਨ ’ਤੇ ਜਾਣਕਾਰੀ ਮਿਲੀ ਕਿ ਦਫ਼ਤਰੀ ਸਟਾਫ਼ ਦੀ ਘਾਟ ਅਹਿਮ ਮੁੱਦਾ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਕਿ ਜੋ ਸਟਾਫ਼ ਦਫ਼ਤਰਾਂ ਵਿਚ ਲੋਕਾਂ ਦੇ ਕੰਮ ਕਰਨ ਲਈ ਹੈ, ਉਸ ਨੂੰ ਵੱਡੇ ਅਧਿਕਾਰੀਆਂ ਵਲੋਂ ਵੱਡੇ ਦਫ਼ਤਰਾਂ ਵਿਚ ਬੁਲਾ ਲਿਆ ਗਿਆ ਹੈ ਜਾਂ ਫਿਰ ਯੂਨੀਅਨਾਂ ਦੇ ਆਪਸੀ ਮਤਭੇਦ ਤੋਂ ਦੂਰ ਰਹਿਣ ਕਰਕੇ ਸਟਾਫ਼ ਆਪਣੀਆਂ ਬਦਲੀਆਂ ਕਰਵਾ ਕੇ ਚਲੇ ਗਏ ਹਨ। ਦੱਸਣਯੋਗ ਹੈ ਕਿ ਸ਼ਹਿਰ ਅੰਦਰ ਹਾਊਸਿੰਗ ਬੋਰਡ ਕਾਲੋਨੀ ਨੇੜੇ 2 ਵੱਡੇ ਸਬ ਅਰਬਨ ਅਤੇ ਸ਼ਹਿਰੀ ਦਫ਼ਤਰ ਹਨ, ਜਿੱਥੇ ਸਾਰਾ ਸ਼ਹਿਰ ਆਪਣੇ ਕੰਮ ਕਾਜ ਲਈ ਪਹੁੰਚਦਾ ਹੈ, ਪਰ ਦਫ਼ਤਰੀ ਸਟਾਫ਼ ਨਾ ਹੋਣ ਕਰਕੇ ਲੋਕਾਂ ਦੇ ਕੰਮਕਾਜ ਰੁਕੇ ਹੋਏ ਹਨ। ਜ਼ਿਕਰਯੋਗ ਹੈ ਕਿ ਬਿਜਲੀ ਸਟਾਫ਼ ਅਤੇ ਕਰਮਚਾਰੀਆਂ ਦੀ ਘਾਟ ਹੋਣ ਕਰਕੇ ਸਾਰੇ ਕੰਮ ਦਾ ਬੋਝ ਹਾਜ਼ਰ ਅਧਿਕਾਰੀਆਂ ’ਤੇ ਪਾਇਆ ਜਾ ਰਿਹਾ ਹੈ, ਜਿਸ ਕਰਕੇ ਕੁੱਝ ਮੁਲਾਜ਼ਮ ਛੱੁਟੀਆਂ ਲੈ ਕੇ ਘਰ ਬੈਠ ਗਏ ਹਨ, ਜੋ ਸਹੀ ਤਰੀਕਾ ਨਹੀਂ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਰੀਬ 4 ਤੋਂ 5 ਮਹੀਨਿਆਂ ਤੋਂ ਮੀਟਰ ਰੀਡਰ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਹੜਤਾਲ ’ਤੇ ਚੱਲ ਰਹੇ ਹਨ ’ਤੇ ਲੋਕਾਂ ਨੂੰ ਮੀਟਰ ਦੀ ਆਨਲਾਈਨ ਰਾਈਡਿੰਗ ’ਤੇ ਬਿੱਲ ਵਾਲੀ ਰੀਡਿੰਗ ਵਿਚ ਵਧੇਰੇ ਫ਼ਰਕ ਹੋਣ ਕਰਕੇ ਦਫ਼ਤਰਾਂ ਦੇ ਚੱਕਰ ਕੱਢਣੇ ਪੈ ਰਹੇ ਹਨ, ਪਰ ਕੋਈ ਹੱਲ ਨਾ ਹੁੰਦਾ ਦੇਖ ਜਦ ਵੱਡੇ ਅਧਿਕਾਰੀਆਂ ਕੋਲ ਪਹੁੰਚ ਕਰਦੇ ਹਨ ਤਾਂ ਸਟਾਫ਼ ਨਾ ਹੋਣ ਦੀ ਗੱਲ ਸੁਣਨ ਨੂੰ ਮਿਲਦੀ ’ਤੇ ਨਿਰਾਸ਼ਾ ਪੱਲੇ ਪੈਂਦੀ ਹੈ। ਸ਼ਹਿਰ ਵਾਸੀਆਂ ਦਾ ਨਹੀਂ ਬਲਕਿ ਸੂਬਾ ਵਾਸੀ ਬਿਜਲੀ ਵਿਭਾਗ ਤੋਂ ਪ੍ਰੇਸ਼ਾਨ ਹੋ ਚੱੁਕੇ ਹਨ, ਕਿਉਂਕਿ ਕੋਈ ਸਹੂਲਤ ਸਮੇਂ ਸਿਰ ਨਹੀਂ ਮਿਲਦੀ ਹੈ। ਦਫ਼ਤਰੀ ਸਟਾਫ਼ ਦੀ ਘਾਟ ਬਾਰੇ ਜਦ ਬਿਜਲੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਨਹੀਂ ਬਲਕਿ ਜ਼ਿਲ੍ਹੇ ਅੰਦਰ ਸਟਾਫ਼ ਦੀ ਵੱਡੀ ਘਾਟ ਹੈ, ਜਿਸ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਬਿਜਲੀ ਦੇ ਬਿੱਲ ਦੀ ਸਪਲਾਈ, ਮੀਟਰ ਦੀ ਸਹੀ ਰੀਡਿੰਗ, ਨਵੇਂ ਕੁਨੈਕਸ਼ਨ ਅਤੇ ਬਿਜਲੀ ਬਿੱਲ ਵਿਚਲੀਆਂ ਤਰੁੱਟੀਆਂ ਨੂੰ ਜਲਦ ਦੂਰ ਕੀਤਾ ਜਾਵੇਗਾ।