ਫ਼ਿਰੋਜ਼ਪੁਰ, 15 ਜੁਲਾਈ (ਰਾਕੇਸ਼ ਚਾਵਲਾ)-ਲੀਗਲ ਏਡ ਡਿਫੈਂਸ ਕਾਉਂਸਿਲ ਪ੍ਰਣਾਲੀ (ਐੱਲ.ਏ.ਡੀ.ਸੀ) ਦੇ ਵਿਰੋਧ ਵਿਚ ਚੱਲ ਰਹੇ ਸੂਬਾ ਪੱਧਰੀ ਅੰਦੋਲਨ ਤਹਿਤ ਜ਼ਿਲ੍ਹਾ ਬਾਰ ਐਸੋਸੀਏਸ਼ਨ, ਫ਼ਿਰੋਜ਼ਪੁਰ ਨੇ 16 ਜੁਲਾਈ ਨੂੰ ਵੀ ‘ਨੋ ਵਰਕ ਡੇ’ ਮਨਾਉਣ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਲਿਆ ਗਿਆ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਲਵਜੀਤ ਪਾਲ ਟੁਰਨਾ ਅਤੇ ਸਕੱਤਰ ਐਡਵੋਕੇਟ ਨੀਲ ਰਤਨ ਸ਼ਰਮਾ ਵਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਜੇ.ਏ.ਸੀ., ਪੰਜਾਬ ਦੇ ਨਿਰਦੇਸ਼ਾਂ ਦੀ ਪਾਲਨਾ ਕਰਦਿਆਂ ਇਨ੍ਹਾਂ ਦੋਵਾਂ ਦਿਨਾਂ ਦੌਰਾਨ ਜ਼ਿਲ੍ਹੇ ਦੇ ਵਕੀਲ ਅਦਾਲਤਾਂ ਵਿਚ ਕਿਸੇ ਵੀ ਤਰ੍ਹਾਂ ਦਾ ਨਿਆਇਕ ਕੰਮ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਵਕੀਲਾਂ ਦੇ ਹਿਤਾਂ, ਕਾਨੂੰਨੀ ਪੇਸ਼ੇ ਦੀ ਮਾਣ-ਮਰਿਆਦਾ ਅਤੇ ਨਿਆਂ ਪ੍ਰਣਾਲੀ ਵਿਚ ਸੁਤੰਤਰ ’ਤੇ ਸਤਿਕਾਰਯੋਗ ਵਕਾਲਤ ਦੀ ਭਾਵਨਾ ਦੀ ਰਾਖੀ ਲਈ ਜਾਰੀ ਹੈ। ਸਕੱਤਰ ਐਡਵੋਕੇਟ ਨੀਲ ਰਤਨ ਸ਼ਰਮਾ ਨੇ ਜ਼ਿਲ੍ਹੇ ਦੇ ਸਮੂਹ ਵਕੀਲਾਂ ਨੂੰ ਅਪੀਲ ਕੀਤੀ ਕਿ ਉਹ 16 ਜੁਲਾਈ ਨੂੰ ਅਦਾਲਤੀ ਕੰਮ ਤੋਂ ਪੂਰੀ ਤਰ੍ਹਾਂ ਦੂਰ ਰਹਿ ਕੇ ‘ਨੋ ਵਰਕ ਡੇ’ ਦੀ ਸਖ਼ਤੀ ਨਾਲ ਪਾਲਨਾ ਕਰਨ ਅਤੇ ਜੇ.ਏ.ਸੀ., ਪੰਜਾਬ ਦੇ ਅੰਦੋਲਨ ਨੂੰ ਪੂਰਾ ਸਮਰਥਨ ਦੇਣ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰਾ ਆਪਣੇ ਅਧਿਕਾਰਾਂ ਅਤੇ ਪੇਸ਼ੇ ਦੀ ਰਾਖੀ ਲਈ ਇੱਕਜੁੱਟ ਹੈ ਅਤੇ ਅੰਦੋਲਨ ਨੂੰ ਸਫਲ ਬਣਾਉਣ ਲਈ ਸਾਰੇ ਮੈਂਬਰਾਂ ਦਾ ਸਹਿਯੋਗ ਜ਼ਰੂਰੀ ਹੈ। ਦੱਸਣਯੋਗ ਹੈ ਕਿ ਵਕੀਲਾਂ ਵਲੋਂ ਇਹ ਸੰਘਰਸ਼ 7 ਜੁਲਾਈ ਤੋਂ ਸ਼ੁਰੂ ਕੀਤਾ ਹੋਇਆ ਹੈ।