ਜ਼ੀਰਾ, 15 ਜੁਲਾਈ (ਹਰਜੀਤ ਸਿੰਘ ਗਿੱਲ)-ਨਿਊ ਪੈਰਾਡਾਈਜ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਸੱਤਵੀਂ ਜਮਾਤ ਦੇ ਵਿਦਿਆਰਥੀ ਅਰਮਾਨਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਦੀ ਭਾਰਤੀ ਅੰਡਰ ਸਬ-ਜੂਨੀਅਰ ਤਾਇਕਵਾਂਡੋ ਟੀਮ ਵਿਚ ਚੋਣ ਹੋਈ ਹੈ। ਉਹ ਅਕਤੂਬਰ–ਨਵੰਬਰ 2026 ਦੌਰਾਨ ਮਲੇਸ਼ੀਆ ਵਿਚ ਹੋਣ ਵਾਲੀ ਓਪਨ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕਰੇਗਾ। ਜ਼ਿਕਰਯੋਗ ਹੈ ਕਿ ਤਾਇਕਵਾਂਡੋ ਕੌਂਸਲ ਆਫ਼ ਇੰਡੀਆ ਵਲੋਂ 26 ਤੋਂ 29 ਜੂਨ ਤੱਕ ਪੇਡਡੇਮ ਇੰਡੋਰ ਸਟੇਡੀਅਮ, ਮਾਪੂਸਾ (ਗੋਆ) ਵਿਖੇ ਕਰਵਾਈ ਗਈ 9ਵੀਂ ਏਸ਼ੀਆ ਕੱਪ ਓਪਨ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਵਿਚ ਅਰਮਾਨਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਹੀ ਉਸ ਦੀ ਭਾਰਤੀ ਅੰਡਰ ਸਬ-ਜੂਨੀਅਰ ਤਾਇਕਵਾਂਡੋ ਟੀਮ ਵਿਚ ਚੋਣ ਹੋਈ ਹੈ। ਇਸ ਚੈਂਪੀਅਨਸ਼ਿਪ ਵਿਚ ਭਾਰਤ, ਨੇਪਾਲ, ਘਾਨਾ ਅਤੇ ਸ਼੍ਰੀ ਲੰਕਾ ਸਮੇਤ ਚਾਰ ਦੇਸ਼ਾਂ ਦੇ ਲਗਭਗ 490 ਖਿਡਾਰੀਆਂ ਨੇ ਭਾਗ ਲਿਆ, ਜਿੱਥੇ ਪੰਜਾਬ ਦੇ ਖਿਡਾਰੀਆਂ ਨੇ ਵੀ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਰਮਾਨਦੀਪ ਸਿੰਘ ਦੀ ਇਸ ਵੱਡੀ ਉਪਲਬਧੀ ’ਤੇ ਸਕੂਲ ਦੇ ਚੇਅਰਮੈਨ ਲਖਵਿੰਦਰ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਸਤਿੰਦਰ ਸਿੰਘ ਨੇ ਵਿਦਿਆਰਥੀ ਉਸ ਦੇ ਮਾਤਾ-ਪਿਤਾ ਅਤੇ ਕੋਚ ਪੰਕਜ ਚੌਰਸੀਆਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਰਮਾਨਦੀਪ ਦੀ ਇਹ ਪ੍ਰਾਪਤੀ ਪੂਰੇ ਸਕੂਲ, ਇਲਾਕੇ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਉਹ ਮਲੇਸ਼ੀਆ ਵਿਚ ਹੋਣ ਵਾਲੀ ਇਸ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਅਤੇ ਆਪਣੇ ਸਕੂਲ ਦਾ ਨਾਮ ਵਿਸ਼ਵ ਪੱਧਰ ’ਤੇ ਰੌਸ਼ਨ ਕਰੇਗਾ।