ਅੰਮ੍ਰਿਤਸਰ, 15 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਜਥੇਬੰਦਕ ਸਕੱਤਰ ਅਤੇ ਸੀਨੀਅਰ ਪੰਥਕ ਆਗੂ ਜਥੇ. ਭਾਈ ਅਮਰੀਕ ਸਿੰਘ ਨੰਗਲ ਦਾ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਨੰਗਲ ਵੰਝਾਂਵਾਲਾ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ, ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਜਸਕਰਨ ਸਿੰਘ ਨੰਗਲ ਜ਼ਿਲ੍ਹਾ ਮੀਤ ਪ੍ਰਧਾਨ ਨੇ ਦਿਖਾਈ। ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਜਨਰਲ ਸਕੱਤਰ ਹਰਪਾਲ ਸਿੰਘ ਬਲੇਰ, ਕੁਲਵੰਤ ਸਿੰਘ ਕੋਟਲਾ ਗੁੱਜਰਾਂ ਹਲਕਾ ਪ੍ਰਧਾਨ ਮਜੀਠਾ, ਕੁਲਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਬਟਾਲਾ ਤੇ ਮੀਤ ਪ੍ਰਧਾਨ ਗੁਰਦਾਸਪੁਰ, ਰਵੀ ਸ਼ੇਰ ਸਿੰਘ ਸੁਲਤਾਨਵਿੰਡ, ਹਰਭਜਨ ਸਿੰਘ ਛੀਨਾ, ਗੁਰਪ੍ਰੀਤ ਸਿੰਘ ਸਰਪੰਚ ਚੇਲੇਕੀ, ਹਰਜੀਤ ਸਿੰਘ ਮੀਆਂਪੁਰ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਅਤੇ ਗਿਆਨੀ ਜਗਜੀਤ ਸਿੰਘ ਰਿਆੜ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂਆਂ, ਵਰਕਰਾਂ, ਪੰਥਕ ਸ਼ਖ਼ਸੀਅਤਾਂ ਅਤੇ ਇਲਾਕਾ ਨਿਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਜਥੇ. ਅਮਰੀਕ ਸਿੰਘ ਨੰਗਲ ਨੇ ਆਪਣਾ ਸਾਰਾ ਜੀਵਨ ਪੰਥ, ਪੰਜਾਬ ਅਤੇ ਸਿੱਖ ਕੌਮ ਦੀ ਸੇਵਾ ਲਈ ਸਮਰਪਿਤ ਕੀਤਾ। ਉਨ੍ਹਾਂ ਦਾ ਵਿਛੋੜਾ ਪਾਰਟੀ ਅਤੇ ਪੰਥਕ ਜਥੇਬੰਦੀ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਸ਼੍ਰੋਮਣੀ ਅਕਾਲੀ ਦਲ (ਅ) ਦੇ ਜਥੇਬੰਦਕ ਸਕੱਤਰ ਜਥੇ. ਅਮਰੀਕ ਸਿੰਘ ਨੰਗਲ ਦਾ ਅਚਾਨਕ ਦਿਹਾਂਤ
ਅਜੀਤ ਡੈਸਕ
16-07-2026