ਗੋਲ ਕਾ ਮੋੜ, 16 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਧਾਰਮਿਕ ਸੰਸਥਾ ਡੇਰਾ ਸ੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮਾਂ ਦੀ ਸ਼ੁਰੂਆਤ ਪਹਿਲੀ ਹਾੜ੍ਹ ਤੋਂ ਅਖੰਡ ਪਾਠ ਦੀ ਲੜੀ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਦੀ ਅਗਵਾਈ ਵਿਚ ਆਰੰਭ ਕੀਤੀ ਗਈ ਸੀ। ਇਸ ਲੜੀ ਦੇ ਅੱਜ ਭੋਗ ਪਾਏ ਗਏ ਅਤੇ ਗੁਰਮਤਿ ਸਮਾਗਮ ਜੋੜ ਮੇਲਾ ਕਰਵਾਇਆ ਗਿਆ। ਇਸ ਸਮਾਗਮ ’ਚ ਇਲਾਕੇ ਭਰ ਤੋਂ ਇਲਾਵਾ ਦਿੱਲੀ, ਰਾਜਸਥਾਨ, ਹਰਿਆਣਾ, ਉਤਰਾਖੰਡ, ਯੂਪੀ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸੰਗਤਾਂ ਤੋਂ ਇਲਾਵਾ ਰਾਜਨੀਤਿਕ ਲੀਡਰ ਅਤੇ ਸੰਤ ਮਹਾਂਪੁਰਸ਼ਾਂ ਨੇ ਸਿਰਕਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਦੌਰਾਨ ਸਵੇਰੇ 10 ਵਜੇ ਅਖੰਡ ਪਾਠ ਦੀ ਲੜੀ ਦੇ ਭੋਗ ਪਾਏ ਗਏ।ਗ੍ਰੰਥੀ ਭਾਈ ਗੁਰਦੀਪ ਸਿੰਘ ਬਣਵਾਲਾ ਵਲੋਂ ਸਰਬੱਤ ਦੇ ਭਲੇ ਅਤੇ ਮਹੀਨਾ ਭਰ ਚੱਲੇ ਸਮਾਗਮਾਂ ਦੇ ਸ਼ੁਕਰਾਨੇ ਲਈ 7 ਅਖੰਡ ਪਾਠ ਆਰੰਭ ਕਰਵਾਏ। ਉਪਰੰਤ ਮਹਾਨ ਸਮਾਗਮ ਗੁਰਮਤਿ ਸਮਾਗਮ ਸੰਤ ਬਾਬਾ ਰਜਿੰਦਰ ਸਿੰਘ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸ-ਤਿੰਨੇ ਕੀਰਤਨ ਅਤੇ ਕਥਾ ਵਿਚਾਰਾਂ ਨਾਲ ਜੋੜ ਕੇ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਭਾਈ ਜਸਪ੍ਰੀਤ ਸਿੰਘ ਸਿਰਸੇ ਵਾਲਿਆਂ ਦਾ ਰਾਗੀ ਜੱਥਾ, ਭਾਈ ਗੁਰਪ੍ਰੀਤ ਸਿੰਘ ਬਣਵਾਲਾ, ਭਾਈ ਅਮਰਜੀਤ ਸਿੰਘ ਗੁਰੂਹਰਸਹਾਏ, ਭਾਈ ਗੁਰਵਿੰਦਰ ਸਿੰਘ ਫ਼ਾਜ਼ਿਲਕਾ ਆਦਿ ਰਾਗੀ, ਢਾਡੀ, ਕਥਾ ਵਾਚਕ ਕਵੀਸ਼ਰੀ ਜਥੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਗੁਰੂ ਘਰ ਨਾਲ ਜੋੜਿਆ। ਇਸ ਮੌਕੇ ਬਾਬਾ ਹਰਮੇਸ਼ ਦਾਸ ਡੇਰਾ ਬਾਬਾ ਰਾਮ ਥੰਮਣ ਬਾਜੇ ਕੇ, ਬਾਬਾ ਅਮਰਜੀਤ ਦਾਸ ਡੇਰਾ ਬਾਬਾ ਭੁੱਮਣ ਸ਼ਾਹ ਪਿੰਡੀ, ਬਾਬਾ ਬਲਰਾਮ ਦਾਸ ਲੱਖੋ ਕੇ ਬਹਿਰਾਮ, ਬਾਬਾ ਹਰਨਾਮ ਦਾਸ ਸੋਨੂੰ ਡੇਰਾ ਬਾਬਾ ਭੁੰਮਣ ਸ਼ਾਹ ਮੱਲੇ ਕੇ ਆਦਿ ਵਲੋਂ ਸੰਗਤਾਂ ਨੂੰ ਪ੍ਰਵਚਨ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਸਾਬਕਾ ਮੰਤਰੀ ਹੰਸ ਰਾਜ ਜੋਸਨ, ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ, ਵਿਧਾਇਕ ਜਗਦੀਪ ਕੰਬੋਜ ਗੋਲਤੀ, ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ, ਬੀ.ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ ਮਲਕੀਤ ਥਿੰਦ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼ਿਵ ਤਿਰਪਾਲ ਕੇ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਦੇ ਫਰਜੰਦ ਹਰਪਿੰਦਰ ਸਿੰਘ ਮਾਨ, ਜੋਗਿੰਦਰ ਪਾਲ ਭਾਟਾ ਨੇ ਵੀ ਪਹੁੰਚ ਹਾਜ਼ਰੀ ਲਗਵਾਈ ਤੇ ਪ੍ਰਬੰਧਕਾਂ ਵਲੋਂ ਰਾਜਨੀਤਿਕ ਲੀਡਰਾਂ ਅਤੇ ਸੰਤਾਂ ਮਹਾਂਪੁਰਸ਼ਾਂ ਨੂੰ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਟਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਲਈ ਡੇਰੇ ਦੇ ਸੇਵਾਦਾਰਾਂ ਨੇ ਚੰਗੇ ਢੰਗ ਨਾਲ ਚਲਾਇਆ। ਡੇਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਮਾਹਮੂ ਜੋਈਆ ਵਲੋਂ 1 ਸਾਲ ਦਾ ਆਮਦਨ ਖਰਚ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਡੇਰੇ ਦੀ ਆਮਦਨ ਪਿਛਲੇ ਸਾਲਾਂ ਨਾਲੋਂ ਵਧੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਲੜੀ ਵਿਚ 190 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਸਮਾਗਮ ਦੌਰਾਨ ਗੁਰੂ ਕੇ ਲੰਗਰ, ਖੀਰ, ਜਲੇਬੀਆਂ ਦੇ ਲੰਗਰ, ਫਰੂਟ ਜੂਸ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ।