ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਵਫ਼ਦ ਨੇ ਸਿਹਤ ਅਧਿਕਾਰੀ ਨਾਲ ਕੀਤੀ ਮੁਲਾਕਾਤ
ਅਜੀਤ ਡੈਸਕ
18-07-2026
ਫ਼ਿਰੋਜ਼ਪੁਰ, 17 ਜੁਲਾਈ (ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਦੁਆਰਾ ਸਿਵਲ ਹਸਪਤਾਲਾਂ ਦੇ ਪ੍ਰਾਈਵੇਟ ਕਰਨ ਦੇ ਚੱਲਦਿਆਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਚ ਇਕ ਨਿੱਜੀ ਹਸਪਤਾਲ ਦੀ ਓ.ਪੀ.ਡੀ. ਸੇਵਾ ਸ਼ੁਰੂ ਕਰਨ ਦਾ ਵਿਰੋਧ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਇਕ ਵਫ਼ਦ ਯੂਨੀਅਨ ਦੇ ਜਨਰਲ ਸੈਕਟਰੀ ਜਸਵਿੰਦਰ ਸਿੰਘ ਕੌੜਾ ਦੀ ਅਗਵਾਈ ਵਿਚ ਵਧੀਕ ਸਿਵਲ ਸਰਜਨ ਫ਼ਿਰੋਜ਼ਪੁਰ ਨੂੰ ਮਿਲਿਆ ਅਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਆਗੂ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਸਰਕਾਰ ਪ੍ਰਾਈਵੇਟ ਹਸਪਤਾਲਾਂ ਦੀ ਮਿਲੀਭੁਗਤ ਨਾਲ ਲੋਕਾਂ ਦੀ ਲੁੱਟ ਕਰਨਾ ਚਾਹੁੰਦੀ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕਿਉਂਕਿ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਾਰਨ ਵਿਚ ਫ਼ੇਲ੍ਹ ਸਾਬਤ ਹੋਈ ਹੈ ਹੁਣ ਆਪਣੇ ਪੱਧਰ ’ਤੇ ਸਿਹਤ ਸੇਵਾਵਾਂ ਦੇਣ ਤੋਂ ਭੱਜ ਰਹੀ ਹੈ। ਸੀ.ਐੱਚ.ਓ ਨਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਢਲੀਆਂ ਸਹੂਲਤਾਂ ਨੂੰ ਸਰਕਾਰੀ ਤੌਰ ’ਤੇ ਬਿਹਤਰ ਬਣਾਉਣ ਦੀ ਬਜਾਏ ਸਹੂਲਤਾਂ ਨੂੰ ਪ੍ਰਾਈਵੇਟ ਅਦਾਰਿਆਂ ਦੇ ਹੱਥਾਂ ਵਿਚ ਦੇ ਕੇ ਲੋਕਾਂ ਦੀ ਆਰਥਿਕ ਲੁੱਟ ਕਰਵਾਉਣਾ ਚਾਹੁੰਦੀ ਹੈ। ਆਗੂ ਰਾਮ ਪ੍ਰਸਾਦ ਜ਼ਿਲ੍ਹਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਨੇ ਦੱਸਿਆ ਕਿ ਇਸ ਵਿਰੋਧ ਦੇ ਵਿਚ ਵੱਡੇ ਪੱਧਰ ’ਤੇ ਹੋਰ ਜਥੇਬੰਦੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸਟੂਡੈਂਟ ਫੈਡਰੇਸ਼ਨ ਅਤੇ ਹੋਰ ਫ਼ਿਰੋਜ਼ਪੁਰ ਦੀਆਂ ਲੋਕਲ ਜਥੇਬੰਦੀਆਂ ਇਸ ਪ੍ਰਾਈਵੇਟ ਕਰਨ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਓ.ਪੀ.ਡੀ ਨੂੰ ਬੰਦ ਕਰਨ ਲਈ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਵੱਡੇ ਪੱਧਰ ’ਤੇ ਕੀਤਾ ਜਾਵੇਗਾ। ਇਸ ਸਮੇਂ ਪੈਰਾ ਮੈਡੀਕਲ ਯੂਨੀਅਨ ਦੇ ਚੇਅਰਮੈਨ ਕੌਰ ਜੀਤ ਸਿੰਘ, ਨਰਿੰਦਰ ਸਿੰਘ, ਪ੍ਰੀਤ ਮੁਖੀਜਾ, ਗੌਰਵ, ਨੇਹਾ, ਅਮਰੀਕ ਸਿੰਘ, ਅਕਾਸ਼ ਲੂਣਾ, ਰਮਨਦੀਪ ਕੌਰ, ਡਾ.ਨੀਤੀਕਾ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਰਮੇਸ਼ ਕੁਮਾਰ, ਗੁਰਦੇਵ ਸਿੰਘ, ਰਮਨਦੀਪ ਸਿੰਘ, ਅਰਵਿੰਦਰ ਸਿੰਘ, ਗੁਰਮੇਲ ਸਿੰਘ, ਮਨਿੰਦਰਜੀਤ ਸਿੰਘ, ਜਸਵੰਤ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ, ਨੇਹਾ, ਗੁਰਮੀਤ ਕੌਰ, ਰਾਮ ਪ੍ਰਸ਼ਾਦ ਕਲਾਸ ਫੋਰ ਯੂਨੀਅਨ ਪ੍ਰਧਾਨ, ਦਵਿੰਦਰ ਸਿੰਘ, ਜਗਜੀਤ ਸਿੰਘ, ਕੁਲਵਿੰਦਰ ਸਿੰਘ ਕੱਸੂਆਣਾ, ਸਿਮਰਨਜੀਤ ਸਿੰਘ ਵੱਡੀ ਗਿਣਤੀ ਵਿਚ ਆਸ਼ਾ ਵਰਕਰ ਯੂਨੀਅਨ ਦੇ ਸਾਥੀ ਹਾਜ਼ਰ ਸਨ।