ਤਲਵੰਡੀ ਭਾਈ, 19 ਜੁਲਾਈ (ਰਵਿੰਦਰ ਸਿੰਘ ਬਜਾਜ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ’ਚ ਖੜ੍ਹੇ ਤਿੰਨ ਮੁਲਜ਼ਮਾਂ ਨੂੰ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਬੰਦ ਪਈ ਪਾਈਪ ਫੈਕਟਰੀ ਟੀ-ਪੁਆਇੰਟ ਪਿੰਡ ਲੱਲੇ ਦੇ ਕੋਲ ਖੜ੍ਹੇ ਆਪਣੇ ਕਬਜ਼ਾ ਵਿਚਲੀ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ। ਜਿੰਨਾਂ ’ਤੇ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਹੋ ਸਕਦੀ ਹੈ। ਏ.ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕਰਦਿਆਂ 3 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਜਿੰਨਾਂ ਕੋਲੋਂ ਤਲਾਸ਼ੀ ਦੌਰਾਨ 5.35 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਹਿਚਾਣ ਹਰਜਿੰਦਰ ਸਿੰਘ ਉਰਫ਼ ਵਿੱਕੀ ਪੁੱਤਰ ਤਰਸੇਮ ਸਿੰਘ ਵਾਸੀ ਸੈਂਭੀ ਵਾਲੀ ਗਲੀ ਤਲਵੰਡੀ ਭਾਈ, ਰਾਜੂ ਪੁੱਤਰ ਕੁਲਦੀਪ ਸਿੰਘ ਵਾਸੀ ਨੇੜੇ ਸਰਕਾਰੀ ਹਸਪਤਾਲ ਤਲਵੰਡੀ ਭਾਈ, ਜਸਵਿੰਦਰ ਸਿੰਘ ਉਰਫ਼ ਰਿੰਕੂ ਪੁੱਤਰ ਕੁਲਵੰਤ ਸਿੰਘ ਉਰਫ਼ ਕਮਲਾ ਵਾਸੀ ਸੈਂਭੀ ਵਾਲੀ ਗਲੀ ਤਲਵੰਡੀ ਭਾਈ ਵਜੋਂ ਹੋਈ ਹੈ। ਜਿੰਨਾਂ ਖ਼ਿਲਾਫ਼ ਥਾਣਾ ਤਲਵੰਡੀ ਭਾਈ ਅੰਦਰ ਐਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।