ਫ਼ਿਰੋਜ਼ਪੁਰ, 20 ਜੁਲਾਈ (ਰਾਕੇਸ਼ ਚਾਵਲਾ)-ਐੱਲ.ਏ.ਡੀ.ਸੀ. (ਲੀਗਲ ਏਡ ਡਿਫੈਂਸ ਕੌਂਸਲ) ਨੀਤੀ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦਾ ਸੰਘਰਸ਼ ਹੋਰ ਤੇਜ਼ ਹੋ ਗਿਆ ਹੈ। ਪੰਜਾਬ, ਹਰਿਆਣਾ ਅਤੇ ਯੂ.ਟੀ. ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਤੋਂ ਭੁੱਖ ਹੜਤਾਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪਹਿਲੇ ਦਿਨ ਪੰਜ ਵਕੀਲ ਭੁੱਖ ਹੜਤਾਲ ’ਤੇ ਬੈਠੇ। ਬਾਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਐਲ.ਏ.ਡੀ.ਸੀ. ਨੀਤੀ ਦੇ ਵਿਰੋਧ ਵਜੋਂ ਹਰ ਰੋਜ਼ ਪੰਜ ਵਕੀਲ ਵਾਰੀ-ਵਾਰੀ ਭੁੱਖ ਹੜਤਾਲ ’ਤੇ ਬੈਠਣਗੇ। ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਐੱਲ.ਏ.ਡੀ.ਸੀ. ਨੀਤੀ ਨੂੰ ਵਾਪਸ ਜਾਂ ਸਮਾਪਤ ਨਹੀਂ ਕੀਤਾ ਜਾਂਦਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਵਜੀਤ ਪਾਲ ਟੁਰਨਾ, ਮੀਤ ਪ੍ਰਧਾਨ ਜੋਬਨਜੀਤ ਸਿੰਘ ਸੰਧੂ ਅਤੇ ਸਕੱਤਰ ਨੀਲ ਰਤਨ ਸ਼ਰਮਾ ਨੇ ਕਿਹਾ ਕਿ ਸਾਂਝੀ ਸੰਘਰਸ਼ ਕਮੇਟੀ ਵਲੋਂ ਪਾਸ ਕੀਤੇ ਗਏ ਸਾਰੇ ਮਤਿਆਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘‘ਨੋ ਵਰਕ ਡੇ’’ ਅੰਦੋਲਨ ਦੇ ਨਾਲ-ਨਾਲ ਭੁੱਖ ਹੜਤਾਲ ਵੀ ਲਗਾਤਾਰ ਜਾਰੀ ਰਹੇਗੀ ਅਤੇ ਵਕੀਲ ਭਾਈਚਾਰਾ ਐੱਲ.ਏ.ਡੀ.ਸੀ. ਨੀਤੀ ਦੀ ਵਾਪਸੀ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗਾ। ਇਸ ਮੌਕੇ ਐਡਵੋਕੇਟ ਸ਼ਾਲਿੰਦਰ ਭੱਲਾ, ਐਡਵੋਕੇਟ ਮਨੀਸ਼ ਖੇੜਾ, ਐਡਵੋਕੇਟ ਮਨਜੀਤ ਸਿੰਘ ਜੋਸਨ, ਐਡਵੋਕੇਟ ਰੋਹਿਤ ਅਰੋੜਾ, ਐਡਵੋਕੇਟ ਪ੍ਰੇਮ ਪਾਲ ਹਾਂਡਾ, ਐਡਵੋਕੇਟ ਪੀਟਰ ਭੱਟੀ, ਐਡਵੋਕੇਟ ਤਰਸੇਮ ਅਰੋੜਾ, ਐਡਵੋਕੇਟ ਅਨੂਪ ਸ਼ਰਮਾ, ਐਡਵੋਕੇਟ ਪ੍ਰਦੀਪ ਮਹਿਤਾ, ਐਡਵੋਕੇਟ ਐੱਚ.ਸੀ. ਗੁਪਤਾ, ਐਡਵੋਕੇਟ ਲਲਿਤਾ, ਐਡਵੋਕੇਟ ਵਰਿੰਦਰ ਸਿੰਘ ਸ਼ਾਮਲ ਸਨ।