ਫਿਰੋਜ਼ਪੁਰ, 21 ਜੁਲਾਈ (ਰਾਕੇਸ਼ ਚਾਵਲਾ)-ਸੀ.ਆਈ.ਏ. ਸਟਾਫ਼ ਜ਼ੀਰਾ ਦੀ ਪੁਲਿਸ ਟੀਮ ਨੇ ਗਸ਼ਤ ਦੌਰਾਨ ਖ਼ਾਸ ਇਤਲਾਹ ਦੇ ਆਧਾਰ ’ਤੇ ਸਫਲਤਾ ਹਾਸਿਲ ਕਰਦਿਆਂ ਦੋ ਵਿਅਕਤੀਆਂ ਨੂੰ ਨਾਜਾਇਜ਼ ਅਸਲੇ ਸਮੇਤ ਹਿਰਾਸਤ ਵਿਚ ਲਿਆ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਂਟ ਫ਼ਿਰੋਜ਼ਪੁਰ ਵਿਖੇ ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਇਲਾਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ। ਗਸ਼ਤ ਕਰਦੇ ਹੋਏ ਜਦੋਂ ਪੁਲਿਸ ਟੀਮ ਰੇਲਵੇ ਫਾਟਕ ਨੇੜੇ ਮੋਹਕਮ ਵਾਲਾ ਕਾਲਜ, ਫ਼ਿਰੋਜ਼ਪੁਰ ਕੋਲ ਪੁੱਜੀ, ਤਾਂ ਇਕ ਖ਼ਾਸ ਮੁਖ਼ਬਰ ਨੇ ਆ ਕੇ ਪੁਲਿਸ ਨੂੰ ਇਤਲਾਹ ਦਿੱਤੀ। ਮੁਖ਼ਬਰ ਨੇ ਦੱਸਿਆ ਕਿ ਅਜੈ ਪੁੱਤਰ ਤਾਰਾ ਵਾਸੀ ਪਿੰਡ ਹਸਤੀ ਵਾਲਾ ਅਤੇ ਬਲਜਿੰਦਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਬੱਗੇ ਕੇ ਪਿੱਪਲ ਦੋਵੇਂ ਜਣੇ ਆਪਣੇ ਕੋਲ ਨਾਜਾਇਜ਼ ਪਿਸਤੌਲ ਰੱਖਣ ਦੇ ਆਦੀ ਹਨ। ਇਤਲਾਹ ਮੁਤਾਬਿਕ ਇਹ ਦੋਵੇਂ ਨੌਜਵਾਨ ਚੌਂਕ ਚੁੰਗੀ ਨੰਬਰ 7 ਤੋਂ ਖੂਹ ਚਾਹ ਪਾਸਿਆਂ ਵੱਲ ਜਾਂਦੀ ਸੜਕ ’ਤੇ ਸਥਿਤ ਬੇਆਬਾਦ ਕੁਆਰਟਰਾਂ ਦੇ ਨੇੜੇ ਨਾਜਾਇਜ਼ ਹਥਿਆਰਾਂ ਸਮੇਤ ਘੁੰਮ ਰਹੇ ਹਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਹਨ। ਮੁਖ਼ਬਰ ਨੇ ਇਹ ਵੀ ਦੱਸਿਆ ਕਿ ਜੇਕਰ ਤੁਰੰਤ ਉਕਤ ਜਗ੍ਹਾ ’ਤੇ ਰੇਡ ਕੀਤੀ ਜਾਵੇ, ਤਾਂ ਦੋਵਾਂ ਨੂੰ ਹਥਿਆਰਾਂ ਸਮੇਤ ਰੰਗੇ ਹੱਥੀਂ ਫੜਿਆ ਜਾ ਸਕਦਾ ਹੈ। ਇਸ ਇਤਲਾਹ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਕਰਤਾ ਰਣਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਦੱਸੇ ਗਏ ਸਥਾਨ ’ਤੇ ਤੁਰੰਤ ਰੇਡ ਕੀਤੀ। ਪੁਲਿਸ ਨੇ ਰੇਡ ਕਰਕੇ ਅਜੈ ਅਤੇ ਬਲਜਿੰਦਰ ਸਿੰਘ ਨੂੰ ਮੌਕੇ ’ਤੇ ਹੀ ਹਿਰਾਸਤ ਵਿਚ ਲੈ ਲਿਆ। ਜਦੋਂ ਪੁਲਿਸ ਵਲੋਂ ਦੋਵਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਨਾਜਾਇਜ਼ ਦੇਸੀ 30 ਬੋਰ ਪਿਸਤੌਲ ਸਮੇਤ ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ 30 ਬੋਰ ਅਤੇਇਕ ਨਾਜਾਇਜ਼ ਦੇਸੀ 32 ਬੋਰ ਪਿਸਤੌਲ ਸਮੇਤ ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ 32 ਬੋਰ ਬਰਾਮਦ ਹੋਏ। ਥਾਣਾ ਕੈਂਟ ਫ਼ਿਰੋਜ਼ਪੁਰ ਦੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਕਿਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਸੀ।