ਫਿਰੋਜ਼ਪੁਰ, 21 ਜੁਲਾਈ (ਰਾਕੇਸ਼ ਚਾਵਲਾ)-ਉੱਤਰ ਰੇਲਵੇ ਦਾ ਫ਼ਿਰੋਜ਼ਪੁਰ ਮੰਡਲ ਨਿਰੰਤਰ ਵਿਕਾਸ, ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ, ਊਰਜਾ ਸੁਰੱਖਿਆ, ਕਾਰਬਨ ਨਿਕਾਸ ਵਿਚ ਕਮੀ ਅਤੇ ਵਾਤਾਵਰਨ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਇਸੇ ਦਿਸ਼ਾ ਵਿਚ ਮੰਡਲ ਵਲੋਂ ਰੇਲਵੇ ਸਟੇਸ਼ਨਾਂ ’ਤੇ ਵੱਡੇ ਪੱਧਰ ’ਤੇ ਰੂਫ਼ਟਾਪ ਸੌਰ ਊਰਜਾ ਪਲਾਂਟਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਵਰਤਮਾਨ ਵਿਚ ਮੰਡਲ ਦੇ 22 ਰੇਲਵੇ ਸਟੇਸ਼ਨਾਂ ’ਤੇ ਕੁੱਲ 1,700.08 ਕਿੱਲੋਵਾਟ (1.70 ਮੈਗਾਵਾਟ) ਸਮਰੱਥਾ ਦੇ ਰੂਫ਼ਟਾਪ ਸੌਰ ਊਰਜਾ ਪਲਾਂਟ ਸਫਲਤਾਪੂਰਵਕ ਚੱਲ ਰਹੇ ਹਨ। ਜੂਨ ਦੌਰਾਨ ਇਹਨਾਂ ਪਲਾਂਟਾਂ ਤੋਂ 63,430 ਕਿਲੋਵਾਟ-ਘੰਟੇ ਸਵੱਛ ਬਿਜਲੀ ਦਾ ਉਤਪਾਦਨ ਹੋਇਆ, ਜਦੋਂ ਕਿ ਵਿੱਤੀ ਵਰ੍ਹੇ 2026–27 ਵਿਚ ਜੂਨ ਤੱਕ ਇਨ੍ਹਾਂ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ 1,90,675 ਕਿਲੋਵਾਟ-ਘੰਟੇ ਤੱਕ ਪਹੁੰਚ ਚੁੱਕੀ ਹੈ। ਇਸ ਪਹਿਲਕਦਮੀ ਨਾਲ ਪਰੰਪਰਾਗਤ ਊਰਜਾ ਸਰੋਤਾਂ ਅਤੇ ਨਿਰਭਰਤਾ ਵਿਚ ਵਿਸ਼ੇਸ਼ ਕਮੀ ਆਈ ਹੈ, ਊਰਜਾ ਕੁਸ਼ਲਤਾ ਵਿਚ ਸੁਧਾਰ ਹੋਇਆ ਹੈ, ਬਿਜਲੀ ਖ਼ਰਚੇ ਘਟੇ ਹਨ ਅਤੇ ਕਾਰਬਨ ਨਿਕਾਸ ਨੂੰ ਘਟਾਉਣ ’ਚ ਮਹੱਤਵਪੂਰਨ ਯੋਗਦਾਨ ਮਿਲਿਆ ਹੈ। ਇਹ ਪਹਿਲਕਦਮੀ ਭਾਰਤੀ ਰੇਲਵੇ ਦੇ ਸਵੱਛ, ਹਰੇ-ਭਰੇ, ਊਰਜਾ-ਕੁਸ਼ਲ ਅਤੇ ਸਥਾਈ ਆਵਾਜਾਈ ਪ੍ਰਣਾਲੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਨਵਿਆਉਣਯੋਗ ਊਰਜਾ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਫ਼ਿਰੋਜ਼ਪੁਰ ਮੰਡਲ ਨੇ ਵਿੱਤੀ ਵਰ੍ਹੇ 2026–27 ਦੌਰਾਨ ਵਾਧੂ 1.15 ਮੈਗਾਵਾਟ ਰੂਫ਼ਟਾਪ ਸੌਰ ਊਰਜਾ ਸਮਰੱਥਾ ਸਥਾਪਿਤ ਕਰਨ ਦਾ ਟੀਚਾ ਮਿਥਿਆ ਹੈ। ਇਹ ਟੀਚਾ ਵਾਤਾਵਰਨ ਸੰਭਾਲ ਅਤੇ ਭਾਰਤੀ ਰੇਲਵੇ ਦੇ ਨੈੱਟ-ਜ਼ੀਰੋ ਕਾਰਬਨ ਮਿਸ਼ਨ ਪ੍ਰਤੀ ਮੰਡਲ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਬਾਰਾ ਦਰਸਾਉਂਦਾ ਹੈ।