ਤਿਉਹਾਰਾਂ ਮੌਕੇ ਅੰਮ੍ਰਿਤਸਰ ਤੋਂ ਕੋਲਕਾਤਾ ਅਤੇ ਬਰੌਨੀ ਲਈ ਚੱਲਣਗੀਆਂ ਰਿਜ਼ਰਵਡ ਸਪੈਸ਼ਲ ਟਰੇਨਾਂ
ਫ਼ਿਰੋਜ਼ਪੁਰ, 15 ਸਤੰਬਰ (ਰਾਕੇਸ਼ ਚਾਵਲਾ)-ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਵਧਦੀ ਭੀੜ ਅਤੇ ਸੁਵਿਧਾਜਨਕ ਆਵਾਜਾਈ ਨੂੰ ਧਿਆਨ ਵਿਚ ਰੱਖਦਿਆਂ ਉੱਤਰ ਰੇਲਵੇ ਵਲੋਂ ਅੰਮ੍ਰਿਤਸਰ ਤੋਂ ਕੋਲਕਾਤਾ ਅਤੇ ਬਰੌਨੀ ਲਈ ਰਿਜ਼ਰਵਡ ਤਿਉਹਾਰ ਸਪੈਸ਼ਲ ਐਕਸਪੈ੍ੱਸ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਰੇਲਗੱਡੀਆਂ ਦੇ ਚੱਲਣ ਨਾਲ ਤਿਉਹਾਰੀਂ ਸੀਜ਼ਨ ਦੌਰਾਨ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵੱਲ ਜਾਣ ਵਾਲੇ ਯਾਤਰੀਆਂ ਨੂੰ ਵਾਧੂ ਰੇਲ ਸਹੂਲਤ ਮਿਲੇਗੀ।
ਫ਼ਿਰੋਜ਼ਪੁਰ, 15 ਸਤੰਬਰ (ਰਾਕੇਸ਼ ਚਾਵਲਾ)-ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਵਧਦੀ ਭੀੜ ਅਤੇ ਸੁਵਿਧਾਜਨਕ ਆਵਾਜਾਈ ਨੂੰ ਧਿਆਨ ਵਿਚ ਰੱਖਦਿਆਂ ਉੱਤਰ ਰੇਲਵੇ ਵਲੋਂ ਅੰਮ੍ਰਿਤਸਰ ਤੋਂ ਕੋਲਕਾਤਾ ਅਤੇ ਬਰੌਨੀ ਲਈ ਰਿਜ਼ਰਵਡ ਤਿਉਹਾਰ ਸਪੈਸ਼ਲ ਐਕਸਪੈ੍ੱਸ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਰੇਲਗੱਡੀਆਂ ਦੇ ਚੱਲਣ ਨਾਲ ਤਿਉਹਾਰੀਂ ਸੀਜ਼ਨ ਦੌਰਾਨ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵੱਲ ਜਾਣ ਵਾਲੇ ਯਾਤਰੀਆਂ ਨੂੰ ਵਾਧੂ ਰੇਲ ਸਹੂਲਤ ਮਿਲੇਗੀ। ਰੇਲਗੱਡੀ ਨੰਬਰ 04624 ਅੰਮ੍ਰਿਤਸਰ-ਕੋਲਕਾਤਾ ਰਿਜ਼ਰਵਡ ਸਪੈਸ਼ਲ ਐਕਸਪੈ੍ੱਸ 7 ਅਕਤੂਬਰ ਤੋਂ 25 ਨਵੰਬਰ 2026 ਤੱਕ ਹਰ ਬੁੱਧਵਾਰ ਅੰਮ੍ਰਿਤਸਰ ਤੋਂ ਰਾਤ 8.10 ਵਜੇ ਰਵਾਨਾ ਹੋਵੇਗੀ ਅਤੇ 42 ਘੰਟੇ 50 ਮਿੰਟ ਬਾਅਦ ਦੁਪਹਿਰ 3 ਵਜੇ ਕੋਲਕਾਤਾ ਪਹੁੰਚੇਗੀ। ਇਸੇ ਤਰ੍ਹਾਂ 04623 ਕੋਲਕਾਤਾ-ਅੰਮ੍ਰਿਤਸਰ ਸਪੈਸ਼ਲ ਰੇਲਗੱਡੀ 10 ਅਕਤੂਬਰ ਤੋਂ 28 ਨਵੰਬਰ ਤੱਕ ਹਰ ਸ਼ਨੀਵਾਰ ਸਵੇਰੇ 4.45 ਵਜੇ ਕੋਲਕਾਤਾ ਤੋਂ ਚੱਲ ਕੇ ਰਾਤ 9:05 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸ ਦੇ ਕੁੱਲ 8-8 ਟ੍ਰਿਪ ਹੋਣਗੇ। ਇਹ ਰੇਲਗੱਡੀ ਦੋਵੇਂ ਦਿਸ਼ਾਵਾਂ ਵਿਚ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਅੰਬਾਲਾ ਛਾਉਣੀ, ਯਮੁਨਾਨਗਰ-ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਗੋਰਖਪੁਰ, ਬਰੌਨੀ ਸਮੇਤ ਕਈ ਮਹੱਤਵਪੂਰਨ ਸਟੇਸ਼ਨਾਂ ’ਤੇ ਰੁਕੇਗੀ। ਰੇਲ ਵਿਚ ਏਸੀ 2 - ਟੀਅਰ ਦਾ 1, ਏਸੀ 3-ਟੀਅਰ ਦੇ 2, ਸਲੀਪਰ ਦੇ 9 ਅਤੇ ਜਨਰਲ ਸ਼੍ਰੇਣੀ ਦੇ 6 ਕੋਚ ਹੋਣਗੇ। ਇਸੇ ਤਰ੍ਹਾਂ 04668 ਅੰਮ੍ਰਿਤਸਰ-ਬਰੌਨੀ ਰਿਜ਼ਰਵਡ ਸਪੈਸ਼ਲ ਐਕਸਪੈ੍ੱਸ 4 ਅਕਤੂਬਰ ਤੋਂ 29 ਨਵੰਬਰ ਤੱਕ ਹਰ ਐਤਵਾਰ ਅੰਮ੍ਰਿਤਸਰ ਤੋਂ ਰਾਤ 8.10 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 2.10 ਵਜੇ ਬਰੌਨੀ ਪਹੁੰਚੇਗੀ। ਇਸ ਦੇ 9 ਟ੍ਰਿਪ ਹੋਣਗੇ। ਵਾਪਸੀ ਵਿਚ 04667 ਬਰੌਨੀ-ਅੰਮ੍ਰਿਤਸਰ 6 ਅਕਤੂਬਰ ਤੋਂ 1 ਦਸੰਬਰ ਤੱਕ ਹਰ ਮੰਗਲਵਾਰ ਸਵੇਰੇ 5.05 ਵਜੇ ਰਵਾਨਾ ਹੋ ਕੇ ਦੁਪਹਿਰ 1.50 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਰੇਲਗੱਡੀ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਹਰਦੋਈ, ਰਾਏਬਰੇਲੀ, ਵਾਰਾਨਸੀ, ਗਾਜ਼ੀਪੁਰ ਸਿਟੀ, ਬਲੀਆ, ਛਪਰਾ, ਸੋਨਪੁਰ, ਹਾਜੀਪੁਰ ਅਤੇ ਸ਼ਾਹਪੁਰ ਪਟੋਰੀ ਸਮੇਤ ਵੱਖ-ਵੱਖ ਸਟੇਸ਼ਨਾਂ ’ਤੇ ਰੁਕੇਗੀ। ਇਸ ਵਿਚ ਵੀ ਏਸੀ 2-ਟੀਅਰ ਦਾ 1, ਏਸੀ 3-ਟੀਅਰ ਦੇ 2, ਸਲੀਪਰ ਦੇ 9 ਅਤੇ ਜਨਰਲ ਸ਼੍ਰੇਣੀ ਦੇ 6 ਕੋਚ ਲਗਾਏ ਗਏ ਹਨ। ਉੱਤਰ ਰੇਲਵੇ ਫ਼ਿਰੋਜ਼ਪੁਰ ਮੰਡਲ ਦੇ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰ ਸਪੈਸ਼ਲ ਰੇਲਗੱਡੀਆਂ ਦੀ ਸਹੂਲਤ ਦਾ ਲਾਭ ਲੈਣ ਅਤੇ ਆਪਣੀ ਯਾਤਰਾ ਨੂੰ ਸੁਗਮ ਅਤੇ ਆਸਾਨ ਬਣਾਉਣ।