ਹਲਕਾ ਦਿਹਾਤੀ ਦੇ ਲੋਕਾਂ ਤੇ ‘ਆਪ’ ਦੇ ਟਕਸਾਲੀ ਆਗੂਆਂ ਨੂੰ ਭੰਬਲਭੂਸੇ ’ਚ ਪਾਉਣ ਲੱਗੇ ਸ਼ਰਾਰਤੀ ਅਨਸਰ
ਫ਼ਿਰੋਜ਼ਪੁਰ, 18 ਸਤੰਬਰ (ਕੁਲਬੀਰ ਸਿੰਘ ਸੋਢੀ): ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਲਕਾ ਦਿਹਾਤੀ ਦੀ ਸਿਆਸਤ ਵਿਚ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਕਥਿਤ ਫਰਜ਼ੀ ਅਥਾਰਟੀ ਪੱਤਰਾਂ ਨੇ ਸਿਆਸੀ ਹਲਕਿਆਂ ਦੇ ਨਾਲ-ਨਾਲ ਆਮ ਲੋਕਾਂ ਵਿਚ ਵੀ ਚਰਚਾ ਛੇੜ ਦਿੱਤੀ ਹੈ। ਪਿਛਲੇ ਕਰੀਬ ਇਕ ਮਹੀਨੇ ਦੌਰਾਨ ਨਵੇਂ ਹਲਕਾ ਇੰਚਾਰਜ ਲੱਗਣ ਸਬੰਧੀ ਤਿੰਨ ਕਥਿਤ ਅਥਾਰਟੀ ਪੱਤਰ ਪਹਿਲਾ ਕਰਮਜੀਤ ਅਨਮੋਲ, ਹਰਪ੍ਰੀਤ ਸਿੰਘ ਕਲਸੀ ਤੇ ਬੀਤੇ ਦਿਨ ਮੋੜਾ ਸਿੰਘ ਅਣਜਾਣ ਦੇ ਨਾਮ ’ਤੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਦੀਆਂ ਚਰਚਾਵਾਂ ਸਾਹਮਣੇ ਆਈਆਂ ਹਨ।
ਸ
ਸੋਸ਼ਲ ਮੀਡਿਆ ’ਤੇ ‘ਆਪ’ ਦੇ ਹਲਕਾ ਇੰਚਾਰਜ ਸਬੰਧੀ ਵਾਇਰਲ ਹੋਏ ਤਿੰਨ ਫਰਜ਼ੀ ਅਥਾਰਟੀ ਪੱਤਰਾਂ ਦੀਆਂ ਤਸਵੀਰਾਂ।
19-09-2026
ਫ਼ਿਰੋਜ਼ਪੁਰ, 18 ਸਤੰਬਰ (ਕੁਲਬੀਰ ਸਿੰਘ ਸੋਢੀ): ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਲਕਾ ਦਿਹਾਤੀ ਦੀ ਸਿਆਸਤ ਵਿਚ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਕਥਿਤ ਫਰਜ਼ੀ ਅਥਾਰਟੀ ਪੱਤਰਾਂ ਨੇ ਸਿਆਸੀ ਹਲਕਿਆਂ ਦੇ ਨਾਲ-ਨਾਲ ਆਮ ਲੋਕਾਂ ਵਿਚ ਵੀ ਚਰਚਾ ਛੇੜ ਦਿੱਤੀ ਹੈ। ਪਿਛਲੇ ਕਰੀਬ ਇਕ ਮਹੀਨੇ ਦੌਰਾਨ ਨਵੇਂ ਹਲਕਾ ਇੰਚਾਰਜ ਲੱਗਣ ਸਬੰਧੀ ਤਿੰਨ ਕਥਿਤ ਅਥਾਰਟੀ ਪੱਤਰ ਪਹਿਲਾ ਕਰਮਜੀਤ ਅਨਮੋਲ, ਹਰਪ੍ਰੀਤ ਸਿੰਘ ਕਲਸੀ ਤੇ ਬੀਤੇ ਦਿਨ ਮੋੜਾ ਸਿੰਘ ਅਣਜਾਣ ਦੇ ਨਾਮ ’ਤੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਦੀਆਂ ਚਰਚਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਪੱਤਰਾਂ ਵਿਚ ਵੱਖ-ਵੱਖ ਵਿਅਕਤੀਆਂ ਨੂੰ ਅਹੁਦੇ ਜਾਂ ਜ਼ਿੰਮੇਵਾਰੀਆਂ ਮਿਲਣ ਸਬੰਧੀ ਦਾਅਵੇ ਕੀਤੇ ਗਏ ਪਰ ਬਾਅਦ ਵਿਚ ਇਨ੍ਹਾਂ ਦੀ ਪ੍ਰਮਾਣਿਕਤਾ ’ਤੇ ਸਵਾਲ ਖੜ੍ਹੇ ਹੋ ਗਏ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਕੁਝ ਵਿਅਕਤੀਆਂ ਵਲੋਂ ਕਥਿਤ ਤੌਰ ’ਤੇ ਅਹੁਦਾ ਮਿਲਣ ਦੀ ਖੁਸ਼ੀ ਵਿਚ ਉਨ੍ਹਾਂ ਦੇ ਸਮਰਥਕਾਂ ਵਲੋਂ ਲੱਡੂਆਂ ਦੀਆਂ ਤਿਆਰੀ ਕਰਵਾਉਣ ਦੀਆਂ ਚਰਚਾਵਾਂ ਰਹੀਆਂ ਪਰ ਜਦੋਂ ਮਾਮਲਾ ਸਪੱਸ਼ਟ ਹੋਇਆ ਜਾਂ ਅਹੁਦੇ ਸਬੰਧੀ ਆਰਡਰ ਝੂਠ ਦਾ ਪੁਲੰਦਾ ਹੋਣ ਦੀ ਗੱਲ ਸਾਹਮਣੇ ਆਈ ਤਾਂ ਖੁਸ਼ੀਆਂ ਦਾ ਮਾਹੌਲ ਵੀ ਫਿੱਕਾ ਪੈ ਗਿਆ। ਇਸ ਕਾਰਨ ਲੱਡੂਆਂ ਦੇ ਆਰਡਰ ਧਰੇ-ਧਰਾਏ ਰਹਿ ਜਾਣ ਦੀਆਂ ਗੱਲਾਂ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸੋਸ਼ਲ ਮੀਡਿਆ ’ਤੇ ਇਕ ਤੋਂ ਬਾਅਦ ਇਕ ਅਥਾਰਟੀ ਪੱਤਰ ਵਾਇਰਲ ਹੋਣ ਨਾਲ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਆਖਿਰ ਇਹ ਪੱਤਰ ਤਿਆਰ ਕੌਣ ਕਰ ਰਿਹਾ ਹੈ ਤੇ ਇਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਪਿੱਛੇ ਕਿਸ ਦਾ ਮਕਸਦ ਹੈ। ਜੇਕਰ ਕਿਸੇ ਵਿਅਕਤੀ ਨੂੰ ਅਹੁਦਾ ਦੇਣ ਸਬੰਧੀ ਅਧਿਕਾਰਤ ਆਰਡਰ ਜਾਰੀ ਹੁੰਦਾ ਹੈ ਤਾਂ ਉਸ ਦੀ ਪੁਸ਼ਟੀ ਸਬੰਧਤ ਵਿਭਾਗ, ਰਾਜਨੀਤਿਕ ਪਾਰਟੀ ਜਾਂ ਅਧਿਕਾਰਤ ਸਰੋਤ ਤੋਂ ਹੋਣੀ ਚਾਹੀਦੀ ਹੈ ਪਰ ਸੋਸ਼ਲ ਮੀਡੀਆ ’ਤੇ ਬਿਨ੍ਹਾ ਪੁਸ਼ਟੀ ਦੇ ਪੱਤਰਾਂ ਦੇ ਵਾਇਰਲ ਹੋਣ ਨਾਲ ਲੋਕਾਂ ਵਿਚ ਗਲਤਫਹਿਮੀਆਂ ਪੈਦਾ ਹੋ ਰਹੀਆਂ ਹਨ। ਸਿਆਸੀ ਹਲਕਿਆਂ ਵਿਚ ਇਹ ਚਰਚਾ ਵੀ ਹੈ ਕਿ ਅਜਿਹੇ ਅਹੁਦੇ ਮਿਲਣ ਸਬੰਧੀ ਕਥਿਤ ਫਰਜ਼ੀ ਪੱਤਰਾਂ ਕਾਰਨ ਉਨ੍ਹਾਂ ਵਿਅਕਤੀਆਂ ਦੀ ਸਾਖ ਅਤੇ ਅਕਸ ਨੂੰ ਨੁਕਸਾਨ ਪਹੁੰਚ ਸਕਦਾ ਹੈ, ਭਾਵੇਂ ਉਨ੍ਹਾਂ ਦੀ ਇਲਾਕੇ ਵਿਚ ਨਾ-ਮਾਤਰ ਪਹਿਚਾਣ ਹੈ। ਜ਼ਿਕਰਯੋਗ ਹੈ ਕਿ ਕਿਸੇ ਨੂੰ ਅਹੁਦਾ ਮਿਲਣ ਦੀ ਖ਼ਬਰ ਵਾਇਰਲ ਹੋਣ ਤੋਂ ਬਾਅਦ ਜੇਕਰ ਉਹ ਆਰਡਰ ਰੱਦ ਹੋ ਜਾਵੇ ਜਾਂ ਪੱਤਰ ਦੀ ਪ੍ਰਮਾਣਿਕਤਾ ’ਤੇ ਸਵਾਲ ਉੱਠ ਜਾਣ ਤਾਂ ਇਸ ਨਾਲ ਸਬੰਧਤ ਵਿਅਕਤੀ ਲਈ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਘਟਨਾਵਾਂ ਨੇ ਸਿਆਸੀ ਅਤੇ ਸੰਗਠਨਾਤਮਕ ਅਹੁਦਿਆਂ ਨੂੰ ਲੈ ਕੇ ਚੱਲ ਰਹੀ ਕਥਿਤ ਦੌੜ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਚਰਚਾ ਹੈ ਕਿ ਕੁਝ ਵਿਅਕਤੀ ਅਹੁਦਾ ਮਿਲਣ ਦੀ ਉਮੀਦ ਵਿਚ ਪਹਿਲਾਂ ਹੀ ਆਪਣੇ ਸਮਰਥਕਾਂ ਵਿਚ ਖੁਸ਼ੀ ਦਾ ਮਾਹੌਲ ਬਣਾਉਣ ਲੱਗ ਪੈਂਦੇ ਹਨ ਜਦਕਿ ਅਧਿਕਾਰਤ ਤੌਰ ’ਤੇ ਮਾਮਲਾ ਹਾਲੇ ਸਪੱਸ਼ਟ ਨਹੀਂ ਹੁੰਦਾ। ਇਸ ਤਰ੍ਹਾਂ ਦੀ ਸਥਿਤੀ ਨਾ ਸਿਰਫ਼ ਸਬੰਧਤ ਵਿਅਕਤੀਆਂ ਲਈ ਸਗੋਂ ਪੂਰੇ ਸਿਆਸੀ ਮਾਹੌਲ ਲਈ ਉਲਝਣ ਪੈਦਾ ਕਰਦੀ ਹੈ। ਹਲਕਾ ਦਿਹਾਤੀ ਦੇ ਲੋਕ ਹੁਣ ਇਹ ਸੋਚਣ ਲਈ ਮਜ਼ਬੂਰ ਹਨ ਕਿ ਆਖਿਰ ਸਿਆਸਤ ਕਿਸ ਦਿਸ਼ਾ ਵੱਲ ਜਾ ਰਹੀ ਹੈ। ਵਿਕਾਸ ਤੇ ਲੋਕਾਂ ਦੇ ਮੁੱਦਿਆਂ ਦੀ ਥਾਂ ਜੇਕਰ ਸੋਸ਼ਲ ਮੀਡੀਆ ’ਤੇ ਕਥਿਤ ਫਰਜ਼ੀ ਪੱਤਰਾਂ, ਅਹੁਦਿਆਂ ਤੇ ਆਰਡਰਾਂ ਦੀ ਚਰਚਾ ਵੱਧਦੀ ਹੈ ਤਾਂ ਇਸ ਨਾਲ ਆਮ ਲੋਕਾਂ ਵਿਚ ਸਿਆਸੀ ਪ੍ਰਕਿਰਿਆ ਪ੍ਰਤੀ ਵੀ ਉਲਝਣ ਪੈਦਾ ਹੋ ਸਕਦੀ ਹੈ। ਲੋਕਾਂ ਦੀ ਮੰਗ ਹੈ ਕਿ ਜੇਕਰ ਵਾਇਰਲ ਹੋਏ ਅਥਾਰਟੀ ਪੱਤਰ ਫਰਜ਼ੀ ਹਨ ਤਾਂ ਉਨ੍ਹਾਂ ਦੀ ਜਾਂਚ ਆਮ ਆਦਮੀ ਪਾਰਟੀ ਵਲੋਂ ਕਰਵਾ ਕੇ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ ਅਤੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਜਾਂ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ । ਇਸ ਦੇ ਨਾਲ ਹੀ ਅਧਿਕਾਰਤ ਨਿਯੁਕਤੀਆਂ ਜਾਂ ਅਹੁਦਿਆਂ ਸਬੰਧੀ ਜਾਣਕਾਰੀ ਸਿੱਧੇ ਤੌਰ ’ਤੇ ਅਧਿਕਾਰਤ ਸਰੋਤਾਂ ਰਾਹੀਂ ਜਾਰੀ ਕੀਤੀ ਜਾਵੇ ਤਾਂ ਜੋ ਲੋਕ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਤੇ ਕਥਿਤ ਫਰਜ਼ੀ ਲੈਟਰਾਂ ਦੇ ਭੰਬਲਭੂਸੇ ਤੋਂ ਬਚ ਸਕਣ।