ਬਠਿੰਡਾ-ਬੀਕਾਨੇਰ ਰੇਲ ਲਾਈਨ ’ਤੇ ਪਿੰਡ ਪਥਰਾਲਾ ਨੇੜੇ ਅਣਪਛਾਤੀ ਦੀ ਲਾਸ਼ ਬਰਾਮਦ
ਸੰਗਤ ਮੰਡੀ, 27 ਸਤੰਬਰ (ਅੰਮ੍ਰਿਤ ਸ਼ਰਮਾ)- ਬਠਿੰਡਾ-ਡੱਬਵਾਲੀ ਮੁੱਖ ਮਾਰਗ ‘ਤੇ ਪੈਂਦੇ ਪਿੰਡ ਪਥਰਾਲਾ ਨੇੜੇ ਬਠਿੰਡਾ-ਬੀਕਾਨੇਰ ਰੇਲਵੇ ਲਾਈਨ ‘ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਜੀ.
ਸੰਗਤ ਮੰਡੀ, 27 ਸਤੰਬਰ (ਅੰਮ੍ਰਿਤ ਸ਼ਰਮਾ)- ਬਠਿੰਡਾ-ਡੱਬਵਾਲੀ ਮੁੱਖ ਮਾਰਗ ‘ਤੇ ਪੈਂਦੇ ਪਿੰਡ ਪਥਰਾਲਾ ਨੇੜੇ ਬਠਿੰਡਾ-ਬੀਕਾਨੇਰ ਰੇਲਵੇ ਲਾਈਨ ‘ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਜੀ.ਆਰ.ਪੀ. ਥਾਣਾ ਸੰਗਤ ਦੇ ਹੌਲਦਾਰ ਗਗਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਕੋਲੋਂ ਅਜਿਹਾ ਕੋਈ ਦਸਤਾਵੇਜ਼ ਜਾਂ ਵਸਤੂ ਨਹੀਂ ਮਿਲੀ, ਜਿਸ ਰਾਹੀਂ ਉਸ ਦੀ ਪਛਾਣ ਹੋ ਸਕੇ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਅਕਤੀ ਦੀ ਮੌਤ ਚਲਦੀ ਰੇਲਗੱਡੀ ਤੋਂ ਡਿੱਗਣ ਕਾਰਨ ਹੋਈ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ 30 ਸਾਲ ਦੇ ਕਰੀਬ ਲੱਗਦੀ ਹੈ, ਜਿਸ ਦੇ ਲਾਲ, ਕਾਲੀ ਅਤੇ ਪੀਲੇ ਰੰਗ ਦੀ ਟੀ-ਸ਼ਰਟ ਅਤੇ ਸਲੇਟੀ ਤੇ ਚਿੱਟੀਆਂ ਧਾਰੀਆਂ ਵਾਲੀ ਕੈਪਰੀ ਪਹਿਨੀ ਹੋਈ ਹੈ। ਮ੍ਰਿਤਕ ਦੀ ਸੱਜੀ ਬਾਂਹ ‘ਤੇ ਟੈਟੂ ਉਕਰਿਆ ਹੋਇਆ ਹੈ, ਜੋ ਉਸ ਦੀ ਪਛਾਣ ਕਰਨ ਵਿਚ ਮਹੱਤਵਪੂਰਨ ਸੁਰਾਗ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਹਿਚਾਣ ਨਾ ਹੋਣ ਕਾਰਨ ਮੰਡੀ ਡੱਬਵਾਲੀ ਐਂਬੂਲੈਂਸ ਟਰੱਸਟ ਦੇ ਹਰਪ੍ਰੀਤ ਸਿੰਘ ਦੀ ਮਦਦ ਨਾਲ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਬਠਿੰਡਾ ਦੀ ਮੋਰਚਰੀ ਵਿਚ 72 ਘੰਟਿਆਂ ਲਈ ਰੱਖਿਆ ਗਿਆ ਹੈ। ਪੁਲਿਸ ਪ੍ਰਸ਼ਾਸਨ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਕਤ ਹੁਲੀਏ ਜਾਂ ਟੈਟੂ ਦੇ ਆਧਾਰ ‘ਤੇ ਮ੍ਰਿਤਕ ਦੀ ਪਛਾਣ ਹੁੰਦੀ ਹੈ ਤਾਂ ਉਹ ਜੀ.ਆਰ.ਪੀ. ਥਾਣਾ ਸੰਗਤ ਦੇ ਹੌਲਦਾਰ ਗਗਨਦੀਪ ਸਿੰਘ ਨਾਲ ਸੰਪਰਕ ਕਰ ਸਕਦਾ ਹੈ।