ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਦੀਆਂ ਕ੍ਰਿਕਟ ਖਿਡਾਰਨਾਂ ਨੇ ਗੱਡੇ ਝੰਡੇ
ਤਲਵੰਡੀ ਭਾਈ, 1 ਅਕਤੂਬਰ (ਰਵਿੰਦਰ ਸਿੰਘ ਬਜਾਜ)- ਸੀ. ਆਈ.
ਤਲਵੰਡੀ ਭਾਈ, 1 ਅਕਤੂਬਰ (ਰਵਿੰਦਰ ਸਿੰਘ ਬਜਾਜ)- ਸੀ.ਆਈ.ਐੱਸ.ਸੀ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਕ੍ਰਿਕਟ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਤੱਕ ਆਪਣਾ ਨਾਂਅ ਕਮਾ ਰਿਹਾ ਹੈ ਤੇ ਇਸ ਸਕੂਲ ਦੇ ਕਈ ਨਾਮਵਰ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੱਕ ਖੇਡ ਕੇ ਦੇਸ਼-ਦੁਨੀਆ ਵਿਚ ਆਪਣਾ ਨਾਮ ਕਮਾ ਰਹੇ ਹਨ। ਇਸੇ ਸ਼ਾਨਦਾਰ ਕ੍ਰਿਕਟ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਸਕੂਲ ਦੀਆਂ ਅੰਡਰ-17 ਲੜਕੀਆਂ ਦੀ ਕ੍ਰਿਕਟ ਟੀਮ ਨੇ ਖੇਡ ਮੈਦਾਨ ਵਿਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਟੇਟ ਪੱਧਰ ਤੱਕ ਪਹੁੰਚ ਕੇ ਮੋਗੇ ਜ਼ਿਲ੍ਹੇ ਦੀ ਪ੍ਰਤੀਨਿਧਤਾ ਕੀਤੀ ਹੈ। ਪੂਰੇ ਟੂਰਨਾਮੈਂਟ ਦੌਰਾਨ ਬੱਚਿਆਂ ਦਾ ਜਜ਼ਬਾ ਤੇ ਪ੍ਰਦਰਸ਼ਨ ਬੇਹੱਦ ਲਾਜਵਾਬ ਰਿਹਾ। ਜ਼ਿਕਰਯੋਗ ਹੈ ਕਿ ਜ਼ੋਨਲ ਲੈਵਲ ਦੇ ਕ੍ਰਿਕਟ ਮੈਚ ਗਿਆਨ ਜੋਤੀ ਸਕੂਲ ਵਿਚ ਹੀ ਕਰਵਾਏ ਗਏ ਸਨ ਜਿੱਥੇ ਸਕੂਲ ਦੀਆਂ ਖਿਡਾਰਨਾਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੈਚ ਵੀ ਗਿਆਨ ਜੋਤੀ ਸਕੂਲ ਦੇ ਮੈਦਾਨ ਵਿਚ ਹੀ ਕਰਵਾਏ ਗਏ ਜਿਸ ਵਿਚ ਵੱਖ-ਵੱਖ ਜ਼ੋਨਾਂ ਤੋਂ ਕੁਲ 8 ਪ੍ਰਮੁੱਖ ਟੀਮਾਂ ਭਾਗ ਲੈਣ ਪਹੁੰਚੀਆਂ ਸਨ। ਇਨ੍ਹਾਂ ਮੁਕਾਬਲਿਆਂ ਵਿਚ ਗਿਆਨ ਜੋਤੀ ਸਕੂਲ ਦੀਆਂ ਲੜਕੀਆਂ ਨੇ ਇਕ ਵਾਰ ਫਿਰ ਆਪਣੀ ਸਰਵੋਤਮ ਖੇਡ ਦਾ ਲੋਹਾ ਮਨਾਉਂਦਿਆਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਤੇ ਸਟੇਟ ਪੱਧਰ ਤੱਕ ਦਾ ਸਫ਼ਰ ਤੈਅ ਕਰਕੇ ਸਕੂਲ ਅਤੇ ਮੋਗੇ ਜ਼ਿਲ੍ਹੇ ਦਾ ਮਾਣ ਵਧਾਇਆ। ਟੂਰਨਾਮੈਂਟ ਦੌਰਾਨ ਟੀਮ ਦੀਆਂ ਮੁੱਖ ਖਿਡਾਰਨਾਂ ਕਾਮਿਆ, ਮਾਹੀ, ਗੁਰਨੂਰ, ਸਿਮਰਨ ਸ਼ਰਮਾ, ਕੁਲਜੀਤ, ਨਵਜੋਤ, ਸੁਖਮਨਜੋਤ ਤੇ ਜਾਨਵੀ ਨੇ ਵਿਰੋਧੀ ਟੀਮਾਂ ਨੂੰ ਸਖ਼ਤ ਟੱਕਰ ਦਿੱਤੀ। ਚੇਅਰਮੈਨ ਕਮਲਦੀਸ਼ਪਾਲ ਸਿੰਘ ਸੋਢੀ ਨੇ ਕਿਹਾ ਕਿ ਸਟੇਟ ਲੈਵਲ ਤੱਕ ਪਹੁੰਚਣਾ ਤੇ ਸਕੂਲ ਦੀ ਮੇਜ਼ਬਾਨੀ ਵਿਚ ਦੋਵੇਂ ਟੂਰਨਾਮੈਂਟ ਸਫਲਤਾ ਪੂਰਵਕ ਕਰਵਾਉਣਾ ਆਪਣੇ-ਆਪ ਵਿਚ ਇਕ ਬਹੁਤ ਵੱਡੀ ਉਪਲਬਧੀ ਹੈ। ਪ੍ਰਿੰਸੀਪਲ ਵਿਜੇ ਸਕਲਾਨੀ ਨੇ ਵੀ ਸਾਰੀਆਂ ਖਿਡਾਰਨਾਂ ਦੀ ਹੌਸਲਾ ਅਫਜ਼ਾਈ ਕੀਤੀ।