18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਫ਼ਿਰੋਜ਼ਪੁਰ ਡਿਵੀਜ਼ਨ ਦੇ ਰੋਸ ਧਰਨੇ ਅੱਗੇ ਝੁਕਿਆ ਸਹਿਕਾਰੀ ਬੈਂਕ, ਸਭਾਵਾਂ ਦੇ ਕੇ.ਸੀ.ਸੀ. ਮੈਂਬਰਾਂ ’ਤੇ ਲਾਇਆ 4 ਫ਼ੀਸਦੀ ਵਾਧੂ ਵਿਆਜ ਵਾਪਸ ਕਰਨ ਦਾ ਐਲਾਨ

ਫ਼ਿਰੋਜ਼ਪੁਰ, 17 ਅਕਤੂਬਰ (ਕੁਲਬੀਰ ਸਿੰਘ ਸੋਢੀ)- ਕੇ. ਸੀ.

Ad Position 21
No active advertisement
ਅਜੀਤ ਡੈਸਕ 18-10-2026
ਫ਼ਿਰੋਜ਼ਪੁਰ, 17 ਅਕਤੂਬਰ (ਕੁਲਬੀਰ ਸਿੰਘ ਸੋਢੀ)- ਕੇ.ਸੀ.ਸੀ. (ਕਿਸਾਨ ਕ੍ਰੈਡਿਟ ਕਾਰਡ) ਪਾਲਸੀ ਦੀ ਆੜ ਵਿਚ ਸਹਿਕਾਰੀ ਸਭਾਵਾਂ ਦੇ ਮੈਂਬਰਾਂ ’ਤੇ ਕਥਿਤ ਤੌਰ ’ਤੇ ਲਗਾਏ ਜਾ ਰਹੇ ਵਾਧੂ ਵਿਆਜ ਦੇ ਵਿਰੋਧ ਵਿਚ ਬੀਤੇ ਦਿਨ ਫ਼ਿਰੋਜ਼ਪੁਰ ਡਿਵੀਜ਼ਨ ਦੇ ਜੁਆਇੰਟ ਰਜਿਸਟਰਾਰ (ਜੇ.ਆਰ.) ਦਫ਼ਤਰ ਵਿਖੇ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਰੋਸ ਧਰਨਾ ਦਿੱਤਾ ਗਿਆ ਸੀ ਜਿਸ ਵਿਚ ਧਰਨੇ ਨੂੰ ਵੱਡੀ ਸਫਲਤਾ ਮਿਲੀ ਹੈ। ਯੂਨੀਅਨ ਦੇ ਸਖ਼ਤ ਵਿਰੋਧ ਤੋਂ ਬਾਅਦ ਫ਼ਿਰੋਜ਼ਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਡੀ.ਐੱਮ. ਨੇ ਸਭਾਵਾਂ ਦੇ ਕੇ.ਸੀ.ਸੀ. ਮੈਂਬਰਾਂ ਤੋਂ ਵਸੂਲਿਆ ਗਿਆ 4 ਫ਼ੀਸਦੀ ਵਾਧੂ ਵਿਆਜ ਉਸੇ ਦਿਨ ਵਾਪਸ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਵਿਚ ਵੀ ਮੈਂਬਰਾਂ ਨੂੰ ਲਗਾਇਆ ਗਿਆ ਵਾਧੂ ਵਿਆਜ ਮੌਕੇ ’ਤੇ ਵਾਪਸ ਕਰਵਾਇਆ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਜਗਦੀਪ ਸਿੰਘ ਦੀ ਪ੍ਰਧਾਨਗੀ ਹੇਠ ਲਗਾਏ ਗਏ ਇਸ ਧਰਨੇ ਵਿਚ ਫ਼ਿਰੋਜ਼ਪੁਰ ਡਿਵੀਜ਼ਨ ਨਾਲ ਸਬੰਧਿਤ ਮਾਨਸਾ, ਬਠਿੰਡਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਮੋਗਾ ਤੇ ਫ਼ਿਰੋਜ਼ਪੁਰ ਦੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਸੂਬਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਜਦੋਂ ਤੱਕ ਜੇ.ਆਰ. ਅਤੇ ਬੈਂਕ ਦੇ ਐੱਮ.ਡੀ. ਵਲੋਂ ਵਾਧੂ ਵਿਆਜ ਦੀ ਵਾਪਸੀ ਸਬੰਧੀ ਫ਼ੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਧਰਨਾ ਅਣਮਿਥੇ ਸਮੇਂ ਲਈ ਜਾਰੀ ਰਹੇਗਾ। ਇਸੇ ਦੌਰਾਨ ਫ਼ਿਰੋਜ਼ਪੁਰ ਡਿਵੀਜ਼ਨ ਦੇ ਜੇ.ਆਰ. ਫ਼ਿਰੋਜ਼ਪੁਰ ਦੇ ਡੀ.ਐੱਮ ਅਤੇ ਫ਼ਾਜ਼ਿਲਕਾ ਦੇ ਡੀ.ਆਰ ਧਰਨੇ ਵਿਚ ਪਹੁੰਚੇ। ਫ਼ਿਰੋਜ਼ਪੁਰ ਦੇ ਡੀ.ਐੱਮ ਵਲੋਂ ਮੰਚ ਤੋਂ ਵਾਧੂ ਵਿਆਜ ਵਾਪਸ ਕਰਨ ਦਾ ਐਲਾਨ ਕੀਤੇ ਜਾਣ ’ਤੇ ਧਰਨਾਕਾਰੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਗਮੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿਚ ਵੀ ਸਹਿਕਾਰੀ ਸਭਾਵਾਂ ਦੇ ਕੇ.ਸੀ.ਸੀ. ਮੈਂਬਰਾਂ ਨੂੰ ਵਾਧੂ ਵਿਆਜ ਲਗਾਇਆ ਗਿਆ ਹੈ। ਇਸ ’ਤੇ ਸੂਬਾ ਪ੍ਰਧਾਨ ਜਗਦੀਪ ਸਿੰਘ ਨੇ ਜੇ.ਆਰ. ਫ਼ਿਰੋਜ਼ਪੁਰ ਨਾਲ ਸੰਪਰਕ ਕੀਤਾ। ਜੇ.ਆਰ. ਵਲੋਂ ਬਠਿੰਡਾ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਐੱਮ.ਡੀ. ਨੂੰ ਵਾਧੂ ਵਿਆਜ ਤੁਰੰਤ ਵਾਪਸ ਕਰਨ ਦੀ ਹਦਾਇਤ ਕੀਤੀ ਗਈ ਜਿਸ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਮੈਂਬਰਾਂ ਦਾ ਵਿਆਜ ਵੀ ਮੌਕੇ ’ਤੇ ਵਾਪਸ ਕਰਵਾਇਆ ਗਿਆ। ਇਸ ਦੇ ਨਾਲ ਬਾਕੀ ਰਹਿੰਦੇ ਕੇ.ਸੀ.ਸੀ. ਮੈਂਬਰਾਂ ਦਾ ਵਾਧੂ ਵਿਆਜ ਅਗਲੇ ਦਿਨ ਤੱਕ ਹਰ ਹਾਲਤ ਵਿਚ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ। ਗੁਰਦੇਵ ਸਿੰਘ ਸਿੱਧੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਸਹਿਕਾਰੀ ਬੈਂਕ ਵਲੋਂ ਮੁੜ ਕੇ.ਸੀ.ਸੀ. ਮੈਂਬਰਾਂ ’ਤੇ ਗ਼ਲਤ ਢੰਗ ਨਾਲ ਵਾਧੂ ਵਿਆਜ ਲਗਾਇਆ ਗਿਆ ਤਾਂ ਜਥੇਬੰਦੀ ਵਲੋਂ ਸਬੰਧਿਤ ਬੈਂਕ ਕਰਮਚਾਰੀ ਦੀ ਆਈ.ਡੀ. ਰਾਹੀਂ ਕੀਤੀ ਗਈ ਕਾਰਵਾਈ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਬੈਂਕ ਦੀ ਹੋਵੇਗੀ। ਧਰਨੇ ਦੌਰਾਨ ਗੁਰਮੀਤ ਸਿੰਘ ਮੋਗਾ, ਸੁਖਮੰਦਰ ਸਿੰਘ ਬਠਿੰਡਾ, ਗੁਰਪਾਲ ਸਿੰਘ ਬਠਿੰਡਾ, ਰਾਜਵਿੰਦਰ ਸਿੰਘ ਫ਼ਰੀਦਕੋਟ, ਰਾਜਵਿੰਦਰ ਕੁਮਾਰ ਸ੍ਰੀ ਮੁਕਤਸਰ ਸਾਹਿਬ, ਜਸਪ੍ਰੀਤ ਸਿੰਘ ਫ਼ਾਜ਼ਿਲਕਾ, ਗੁਰਪਿਆਰ ਸਿੰਘ ਮਾਨਸਾ, ਰਮਨਦੀਪ ਸਿੰਘ ਮਾਨਸਾ ਅਤੇ ਦਵਿੰਦਰ ਸਿੰਘ ਫ਼ਿਰੋਜ਼ਪੁਰ ਨੇ ਸਹਿਕਾਰੀ ਸਭਾਵਾਂ ਤੇ ਉਨ੍ਹਾਂ ਦੇ ਮੈਂਬਰਾਂ ਪ੍ਰਤੀ ਬੈਂਕ ਦੀ ਨੀਤੀ ਦੀ ਸਖ਼ਤ ਆਲੋਚਨਾ ਕੀਤੀ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਆਗੂ ਹਰਨੇਕ ਸਿੰਘ ਮਹਿਮਾ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਭਰੋਸਾ ਦਿੱਤਾ ਕਿ ਕਿਸਾਨਾਂ ਤੇ ਸਹਿਕਾਰੀ ਸਭਾਵਾਂ ਦੇ ਹੱਕਾਂ ਦੀ ਲੜਾਈ ਵਿਚ ਉਨ੍ਹਾਂ ਦੀ ਜਥੇਬੰਦੀ ਕਰਮਚਾਰੀਆਂ ਦੇ ਨਾਲ ਖੜ੍ਹੀ ਰਹੇਗੀ। ਅੰਤ ਵਿਚ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਿੰਗਾਰਾ ਰਾਮ, ਸੂਬਾ ਪ੍ਰਧਾਨ ਜਗਦੀਪ ਸਿੰਘ, ਜ਼ਿਲ੍ਹਾ ਪ੍ਰਧਾਨ ਲਾਲਜੀਤ ਸਿੰਘ ਵੜਿੰਗ ਨੇ ਫ਼ਿਰੋਜ਼ਪੁਰ ਡਿਵੀਜ਼ਨ ਦੇ ਸਾਰੇ ਜ਼ਿਲ੍ਹਿਆਂ ਤੋਂ ਪਹੁੰਚੇ ਜ਼ਿਲ੍ਹਾ ਪ੍ਰਧਾਨਾਂ, ਜ਼ਿਲ੍ਹਾ ਕਮੇਟੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੈਰਾ ਮੈਡੀਕਲ ਸਿਹਤ ਮੁਲਾਜ਼ਮਾਂ ਦੇ ਸੰਘਰਸ਼ ਦੀ ਸੀ.ਐੱਚ.ਓ. ਐਸੋਸੀਏਸ਼ਨ ਵਲੋਂ ਪੂਰਨ ਹਮਾਇਤ ਅਗਲੀ ਖ਼ਬਰ ਸਿਆਸੀ ਦੂਸ਼ਣਬਾਜ਼ੀ ਛੱਡ ਕੇ ਨਸ਼ਿਆਂ ਦੇ ਖ਼ਾਤਮੇ ਲਈ ਸਾਂਝੇ ਯਤਨ ਕਰਨ ਸਰਕਾਰਾਂ- ਕਰਨੈਲ ਸਿੰਘ ਪੀਰ ਮੁਹੰਮਦ
Ad Position 24