ਲੋਕਾਂ ਨੇ ਗੇਟਾਂ ਨੂੰ ਐਮਰਜੈਂਸੀ ਸੇਵਾਵਾਂ ਦੇ ਰਾਹ ’ਚ ਅੜਿੱਕਾ ਦੱਸਿਆ
ਫ਼ਿਰੋਜ਼ਪੁਰ, (ਸੁਖਵਿੰਦਰ ਸਿੰਘ)– ਕਾਲੋਨੀ ਦੇ ਗੇਟਾਂ ਨੂੰ ਲੈ ਕੇ ਲੋਕਾਂ ਦਾ ਗੁੱਸਾ ਭੜਕ ਉੱਠਿਆ। ਗੇਟਾਂ ਨੂੰ ਐਮਰਜੈਂਸੀ ਸੇਵਾਵਾਂ ਦੇ ਰਾਹ ਵਿਚ ਅੜਿੱਕਾ ਦੱਸਦਿਆਂ ਇਨ੍ਹਾਂ ਗੇਟਾਂ ਨੂੰ ਤੁਰੰਤ ਪੁੱਟਣ ਦੀ ਮੰਗ ਕੀਤੀ।
ਫ਼ਿਰੋਜ਼ਪੁਰ, (ਸੁਖਵਿੰਦਰ ਸਿੰਘ)– ਕਾਲੋਨੀ ਦੇ ਗੇਟਾਂ ਨੂੰ ਲੈ ਕੇ ਲੋਕਾਂ ਦਾ ਗੁੱਸਾ ਭੜਕ ਉੱਠਿਆ। ਗੇਟਾਂ ਨੂੰ ਐਮਰਜੈਂਸੀ ਸੇਵਾਵਾਂ ਦੇ ਰਾਹ ਵਿਚ ਅੜਿੱਕਾ ਦੱਸਦਿਆਂ ਇਨ੍ਹਾਂ ਗੇਟਾਂ ਨੂੰ ਤੁਰੰਤ ਪੁੱਟਣ ਦੀ ਮੰਗ ਕੀਤੀ। ਗੇਟਾਂ ਦੇ ਸਾਹਮਣੇ ਇਕੱਠੇ ਹੋਏ ਕਾਲੋਨੀ ਨਿਵਾਸੀਆਂ ਨੇ ਬਾਹਾਂ ਖੜ੍ਹੀਆਂ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਗੇਟ ਨਾ ਪੁੱਟੇ ਤਾਂ ਉਹ ਖ਼ੁਦ ਇਨ੍ਹਾਂ ਨੂੰ ਪੁੱਟ ਦੇਣਗੇ। ਕਾਲੋਨੀ ਨਿਵਾਸੀਆਂ ਦਾ ਗੁੱਸਾ ਇਸ ਗੱਲ ਨੂੰ ਲੈ ਕੇ ਸੀ ਕਿ ਅੱਗ ਲੱਗਣ ਸਮੇਂ ਫਾਇਰ ਬ੍ਰਿਗੇਡ ਦੀ ਗੱਡੀ ਕਰੀਬ 20 ਮਿੰਟ ਦੇਰੀ ਨਾਲ ਪਹੁੰਚੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਸਿਰ ਪਹੁੰਚ ਜਾਂਦੀ ਤਾਂ ਘਰ ਦੇ ਸਾਮਾਨ ਨੂੰ ਬਚਾਇਆ ਜਾ ਸਕਦਾ ਸੀ। ਅੱਗ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਜਿਸ ਨਾਲ ਪਰਿਵਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ। ਇਸ ਘਟਨਾ ਨੇ ਕਾਲੋਨੀ ਵਿਚ ਲੱਗੇ ਗੇਟਾਂ ਦੀ ਉਪਯੋਗਤਾ ਤੇ ਐਮਰਜੈਂਸੀ ਸਮੇਂ ਇਨ੍ਹਾਂ ਕਾਰਨ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਰੋਸ ਪ੍ਰਗਟ ਕਰਦਿਆਂ ਸੋਨੂ ਚੌਧਰੀ, ਨਰਿੰਦਰ ਸਿੰਘ ਕਾਲਾ ਤੇ ਕਾਲੋਨੀ ਨਿਵਾਸੀਆਂ ਨੇ ਕਿਹਾ ਕਿ ਗੇਟ ਲਗਾਉਣ ਸਮੇਂ ਐਮਰਜੈਂਸੀ ਸੇਵਾਵਾਂ ਦੀ ਆਵਾਜਾਈ ਨੂੰ ਮੁੱਖ ਤੌਰ ’ਤੇ ਧਿਆਨ ’ਚ ਰੱਖਿਆ ਜਾਣਾ ਚਾਹੀਦਾ ਹੈ। ਅੱਗ ਲੱਗਣ, ਕਿਸੇ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਜਾਂ ਹੋਰ ਕਿਸੇ ਸੰਕਟ ਸਮੇਂ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਦੀ ਗੱਡੀ ਨੂੰ ਰਸਤਾ ਮਿਲਣਾ ਬੇਹੱਦ ਜ਼ਰੂਰੀ ਹੈ। ਕਾਲੋਨੀ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੇਦੀ ਕਾਲੋਨੀ ਦੇ ਗੇਟਾਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਹੋਰ ਪਰਿਵਾਰ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਨਾ ਕਰਨਾ ਪਵੇ।