ਵਿਭਾਗ ਵਲੋਂ ਬਰਗਰ ਕਿੰਗ ਨੂੰ ਇੰਪਰੂਵਮੈਂਟ ਨੋਟਿਸ ਜਾਰੀ, ਕੇ.ਐੱਫ.ਸੀ ਦਾ ਹਾਈਜੀਨ ਸੰਬੰਧੀ ਚਲਾਨ ਕੱਟਿਆ
ਫ਼ਿਰੋਜ਼ਪੁਰ,9 ਨਵੰਬਰ (ਕੁਲਬੀਰ ਸਿੰਘ ਸੋਢੀ)-ਖਪਤਕਾਰਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰਨ ਦੀ ਨੀਤੀ ਤਹਿਤ ਫੂਡ ਸੇਫ਼ਟੀ ਵਿਭਾਗ ਵਲੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਮੋਗਾ ਰੋਡ ’ਤੇ ਬਣੇ ਬਰਗਰ ਕਿੰਗ ਅਤੇ ਕੇ. ਐੱਫ.
ਫ
ਫੂਡ ਸੇਫ਼ਟੀ ਇੰਸਪੈਕਟਰ ਖੋਸਲਾ ਦੀ ਅਗਵਾਈ ਵਿਚ ਟੀਮ ਵਲੋਂ ਬਰਗਰ ਕਿੰਗ ਅਤੇ ਕੇ.ਐੱਫ.ਸੀ. ਦੀਆਂ ਕਿਚਨਾਂ ਦੀ ਵਿਸ਼ੇਸ਼ ਚੈਕਿੰਗ ਦੀਆਂ ਤਸਵੀਰ। ਅਜੀਤ ਤਸਵੀਰ
10-11-2026
ਫ਼ਿਰੋਜ਼ਪੁਰ,9 ਨਵੰਬਰ (ਕੁਲਬੀਰ ਸਿੰਘ ਸੋਢੀ)-ਖਪਤਕਾਰਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰਨ ਦੀ ਨੀਤੀ ਤਹਿਤ ਫੂਡ ਸੇਫ਼ਟੀ ਵਿਭਾਗ ਵਲੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਮੋਗਾ ਰੋਡ ’ਤੇ ਬਣੇ ਬਰਗਰ ਕਿੰਗ ਅਤੇ ਕੇ.ਐੱਫ.ਸੀ ਦੀਆਂ ਕਿਚਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਦੌਰਾਨ ਫੂਡ ਸੇਫ਼ਟੀ ਇੰਸਪੈਕਟਰ ਖੋਸਲਾ ਵਲੋਂ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲੀਆਂ ਥਾਵਾਂ ’ਤੇ ਸਫ਼ਾਈ, ਸੈਨੇਟਰੀ ਪ੍ਰਬੰਧਾਂ ਅਤੇ ਹਾਈਜੀਨ ਦੇ ਮਿਆਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਦੋਵਾਂ ਸੰਸਥਾਵਾਂ ਵਿਰੁੱਧ ਵੱਖ-ਵੱਖ ਕਾਨੂੰਨੀ ਕਾਰਵਾਈਆਂ ਅਮਲ ਵਿਚ ਲਿਆਂਦੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ, ਬਰਗਰ ਕਿੰਗ ਦੀ ਕਿਚਨ ਦੀ ਜਾਂਚ ਦੌਰਾਨ ਸਫ਼ਾਈ ਅਤੇ ਹਾਈਜੀਨ ਸਬੰਧੀ ਕਮੀਆਂ ਪਾਈਆਂ ਗਈਆਂ। ਇਸ ’ਤੇ ਵਿਭਾਗ ਵਲੋਂ ਸਬੰਧਤ ਪ੍ਰਬੰਧਕਾਂ ਨੂੰ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਇਸ ਅਧੀਨ ਬਣੇ ਨਿਯਮਾਂ ਅਨੁਸਾਰ ਕਮੀਆਂ ਦੂਰ ਕਰਨ ਲਈ ਇੰਪਰੂਵਮੈਂਟ ਨੋਟਿਸ ਜਾਰੀ ਕੀਤਾ ਗਿਆ। ਵਿਭਾਗ ਨੇ ਸੰਸਥਾ ਨੂੰ ਹਦਾਇਤ ਕੀਤੀ ਕਿ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਸਮੇਂ ਸਫ਼ਾਈ ਦੇ ਨਿਰਧਾਰਿਤ ਮਿਆਰਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸੇ ਤਰ੍ਹਾਂ ਕੇ.ਐੱਫ.ਸੀ ਦੀ ਕਿਚਨ ਦੀ ਚੈਕਿੰਗ ਦੌਰਾਨ ਵੀ ਸਫ਼ਾਈ ਅਤੇ ਸੈਨੇਟਰੀ ਹਾਲਤਾਂ ਸਬੰਧੀ ਉਲੰਘਣਾਵਾਂ ਸਾਹਮਣੇ ਆਈਆਂ। ਵਿਭਾਗ ਵਲੋਂ ਸਬੰਥਤ ਸੰਸਥਾ ਵਿਰੁੱਧ ਕਾਨੂੰਨੀ ਪ੍ਰਕਿਰਿਆ ਅਨੁਸਾਰ ਹਾਈਜੀਨ ਸਬੰਧੀ ਚਲਾਨ ਕੱਟਿਆ ਗਿਆ। ਵਿਭਾਗ ਦੀ ਇਸ ਕਾਰਵਾਈ ਨਾਲ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲੀਆਂ ਸੰਸਥਾਵਾਂ ਨੂੰ ਸਫ਼ਾਈ ਅਤੇ ਖੁਰਾਕੀ ਸੁਰੱਖਿਆ ਦੇ ਮਿਆਰਾਂ ਦੀ ਪਾਲਣਾ ਕਰਨ ਦਾ ਸਖ਼ਤ ਸੰਦੇਸ਼ ਦਿੱਤਾ ਗਿਆ ਹੈ। ਫੂਡ ਸੇਫ਼ਟੀ ਇੰਸਪੈਕਟਰ ਖੋਸਲਾ ਵਲੋਂ ਦੋਵਾਂ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਕਿ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਸਮੇਂ ਸਾਫ਼-ਸੁਥਰੇ ਅਤੇ ਮਿਆਰੀ ਕੱਚੇ ਮਾਲ ਦੀ ਵਰਤੋਂ ਕੀਤੀ ਜਾਵੇ। ਇਸ ਦੇ ਨਾਲ ਹੀ ਕਿਚਨ ਅਤੇ ਖਾਣਾ ਤਿਆਰ ਕਰਨ ਵਾਲੇ ਉਪਕਰਣਾਂ ਦੀ ਨਿਯਮਤ ਸਫ਼ਾਈ, ਖੁਰਾਕੀ ਪਦਾਰਥਾਂ ਨੂੰ ਨਿਰਧਾਰਿਤ ਤਾਪਮਾਨ ’ਤੇ ਸਟੋਰ ਕਰਨ ਅਤੇ ਫੂਡ ਹੈਂਡਲਰਾਂ ਵਲੋਂ ਨਿੱਜੀ ਸਫ਼ਾਈ ਦੇ ਮਿਆਰਾਂ ਦੀ ਪਾਲਣਾ ਕਰਨਾ ਲਾਜ਼ਮੀ ਬਣਾਇਆ ਜਾਵੇ। ਵਿਭਾਗ ਨੇ ਸਪੱਸ਼ਟ ਕੀਤਾ ਕਿ ਖਪਤਕਾਰਾਂ ਦੀ ਸਿਹਤ ਨਾਲ ਖਿਲਵਾੜ ਕਰਨ 1ਵਾਲੀਆਂ ਕਿਸੇ ਵੀ ਸੰਸਥਾ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਲੋਕਾਂ ਵਲੋਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਜਾਂਚ ਮੁਹਿੰਮ ਜਾਰੀ ਰਹੇਗੀ ਅਤੇ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ, 2006 ਦੀ ਉਲੰਘਣਾ ਕਰਨ ਵਾਲੀਆਂ ਸੰਸਥਾਵਾਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦੀ ਇਸ ਕਾਰਵਾਈ ਨੂੰ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਅਤੇ ਸਫ਼ਾਈ ਦੇ ਮਿਆਰਾਂ ਨੂੰ ਯਕੀਨੀ ਬਣਾਉਣ ਵੱਲ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਜਿੱਥੇ ਖਪਤਕਾਰਾਂ ਦੀ ਸਿਹਤ ਦੀ ਸੁਰੱਖਿਆ ਨੂੰ ਤਰਜੀਹ ਮਿਲੇਗੀ, ਉੱਥੇ ਹੀ ਖਾਣ-ਪੀਣ ਦੀਆਂ ਵਸਤਾਂ ਤਿਆਰ ਅਤੇ ਵੇਚਣ ਵਾਲੀਆਂ ਸੰਸਥਾਵਾਂ ਨੂੰ ਵੀ ਆਪਣੇ ਪ੍ਰਬੰਧਾਂ ਵਿਚ ਸੁਧਾਰ ਕਰਨ ਲਈ ਜਵਾਬਦੇਹ ਬਣਾਇਆ ਜਾਵੇਗਾ।