ਆਮ ਆਦਮੀ ਪਾਰਟੀ ਵਿਚ ਗੁਰੂਹਰਸਹਾਏ ਹਲਕੇ ਤੋਂ ਟਿਕਟ ਦੇ ਦਾਅਵੇਦਾਰਾਂ ਦੀ ਗਿਣਤੀ ਵਧੀ
ਕਈ ਆਗੂਆਂ ਨੇ ਸ਼ਹਿਰ ਵਿਚ ਲਗਾਏ ਪੋਸਟਰ
ਗੁਰੂਹਰਸਹਾਏ, 10 ਨਵੰਬਰ (ਕਪਿਲ ਕੰਧਾਰੀ)-ਪੰਜਾਬ ਵਿਚ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਲੋਕਾਂ ਤੱਕ ਆਪਣੀ ਪਹੁੰਚ ਬਣਾਉਣ ਦੇ ਨਾਲ-ਨਾਲ ਪਾਰਟੀ ਹਾਈਕਮਾਂਡ ਤੱਕ ਆਪਣੀ ਦਾਅਵੇਦਾਰੀ ਮਜ਼ਬੂਤੀ ਨਾਲ ਪੇਸ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਗੁਰੂਹਰਸਹਾਏ, 10 ਨਵੰਬਰ (ਕਪਿਲ ਕੰਧਾਰੀ)-ਪੰਜਾਬ ਵਿਚ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਲੋਕਾਂ ਤੱਕ ਆਪਣੀ ਪਹੁੰਚ ਬਣਾਉਣ ਦੇ ਨਾਲ-ਨਾਲ ਪਾਰਟੀ ਹਾਈਕਮਾਂਡ ਤੱਕ ਆਪਣੀ ਦਾਅਵੇਦਾਰੀ ਮਜ਼ਬੂਤੀ ਨਾਲ ਪੇਸ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜੇਕਰ ਗੱਲ ਗੁਰੂਹਰਸਹਾਏ ਵਿਧਾਨ ਸਭਾ ਹਲਕੇ ਦੀ ਕੀਤੀ ਜਾਵੇ ਤਾਂ ਇੱਥੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਫ਼ੌਜਾਂ ਸਿੰਘ ਸਰਾਰੀ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਪਰੰਤੂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਚੋਂ ਹੀ ਚਾਰ ਤੋਂ ਪੰਜ ਦੇ ਕਰੀਬ ਹੋਰ ਆਗੂ ਆਪਣੀ ਟਿਕਟ ਦੀ ਦਾਅਵੇਦਾਰੀ ਪੇਸ਼ ਕਰਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿਚੋਂ ਕਈ ਆਗੂਆਂ ਵਲੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਆਪਣੇ ਪੋਸਟਰ ਅਤੇ ਹੋਰ ਪ੍ਰਚਾਰ ਸਮਗ੍ਰੀ ਵੀ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਨੂੰ ਗੁਲਦਸਤੇ ਭੇਟ ਕਰਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਪਰੰਤੂ ਸਿਆਸੀ ਹਲਕਿਆਂ ਵਿਚ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਇਨ੍ਹਾਂ ਨਵੇਂ ਦਾਅਵੇਦਾਰਾਂ ਦੀ ਗੁਰੂਹਰਸਹਾਏ ਹਲਕੇ ਵਿਚ ਅਸਲ ਸਿਆਸੀ ਪਕੜ ਕਿੰਨੀ ਹੈ ਅਤੇ ਇਨ੍ਹਾਂ ਦਾ ਲੋਕਾਂ ਨਾਲ ਕਿੰਨਾ ਜੁੜਾਅ ਹੈ? ਸਥਾਨਕ ਪੱਧਰ ’ਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਸਿਰਫ਼ ਪੋਸਟਰ ਲਗਾਉਣ ਜਾਂ ਪਾਰਟੀ ਦੇ ਵੱਡੇ ਆਗੂਆਂ ਨਾਲ ਤਸਵੀਰਾਂ ਖਿਚਵਾਉਣ ਨਾਲ ਹੀ ਕਿਸੇ ਆਗੂ ਦੀ ਲੋਕਪ੍ਰਿਯਤਾ ਸਾਬਤ ਨਹੀਂ ਹੁੰਦੀ। ਇਸ ਲਈ ਜ਼ਰੂਰੀ ਹੈ ਕਿ ਆਗੂ ਲੰਮੇ ਸਮੇਂ ਤੋਂ ਹਲਕੇ ਦੇ ਲੋਕਾਂ ਵਿਚ ਵਿਚਰਦਾ ਆ ਰਿਹਾ ਹੋਵੇ ਅਤੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਣ ਦੇ ਨਾਲ-ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਯਤਨਸ਼ੀਲ ਰਹੇ। ਗੁਰੂਹਰਸਹਾਏ ਹਲਕੇ ਦੇ ਲੋਕਾਂ ਦੀ ਸਿਆਸੀ ਸੋਚ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਵੋਟਰ ਆਮ ਤੌਰ ’ਤੇ ਅਜਿਹੇ ਆਗੂਆਂ ਨੂੰ ਤਰਜੀਹ ਦਿੰਦੇ ਹਨ, ਜਿਹੜੇ ਚੋਣਾਂ ਦੇ ਸਮੇਂ ਹੀ ਨਹੀਂ, ਸਗੋਂ ਆਮ ਦਿਨਾਂ ਵਿਚ ਵੀ ਲੋਕਾਂ ਦੇ ਵਿਚਕਾਰ ਰਹਿੰਦੇ ਹਨ ਅਤੇ ਲੋੜ ਪੈਣ ’ਤੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਨ। ਲੋਕਾਂ ਦੀਆਂ ਸਰਕਾਰੀ ਅਤੇ ਗੈਰ-ਸਰਕਾਰੀ ਸਮੱਸਿਆਵਾਂ ਵਿਚ ਉਨ੍ਹਾਂ ਦਾ ਸਾਥ ਦੇਣਾ ਅਤੇ ਹਰ ਔਖੇ ਸਮੇਂ ਵਿਚ ਉਨ੍ਹਾਂ ਤੱਕ ਪਹੁੰਚ ਕਰਨਾ ਹੀ ਕਿਸੇ ਆਗੂ ਦੀ ਅਸਲ ਪਛਾਣ ਮੰਨੀ ਜਾਂਦੀ ਹੈ। ਅਜਿਹੇ ਵਿਚ ਆਮ ਆਦਮੀ ਪਾਰਟੀ ਦੇ ਨਵੇਂ ਟਿਕਟ ਦਾਅਵੇਦਾਰਾਂ ਲਈ ਇਹ ਵੱਡੀ ਚੁਨੌਤੀ ਹੋਵੇਗੀ ਕਿ ਉਹ ਹਲਕੇ ਦੇ ਲੋਕਾਂ ਵਿਚ ਆਪਣਾ ਭਰੋਸਾ ਅਤੇ ਪਕੜ ਕਿਵੇਂ ਮਜ਼ਬੂਤ ਕਰਦੇ ਹਨ। ਸਿਰਫ਼ ਸਿਆਸੀ ਸਰਗਰਮੀਆਂ ਅਤੇ ਪ੍ਰਚਾਰ ਦੇ ਆਧਾਰ ’ਤੇ ਟਿਕਟ ਦੀ ਦਾਅਵੇਦਾਰੀ ਕਰਨਾ ਕਾਫ਼ੀ ਨਹੀਂ ਹੋਵੇਗਾ, ਸਗੋਂ ਉਨ੍ਹਾਂ ਨੂੰ ਆਪਣੀ ਲੋਕਾਂ ਵਿਚ ਮੌਜੂਦਗੀ ਅਤੇ ਕੰਮਾਂ ਰਾਹੀਂ ਵੀ ਆਪਣੀ ਯੋਗਤਾ ਸਾਬਤ ਕਰਨੀ ਪਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਆਉਣ ਵਾਲੇ ਸਮੇਂ ਵਿਚ ਜਾਰੀ ਕੀਤੀ ਜਾਣ ਵਾਲੀ ਅਗਲੀ ਉਮੀਦਵਾਰਾਂ ਦੀ ਸੂਚੀ ਵਿਚ ਗੁਰੂਹਰਸਹਾਏ ਹਲਕੇ ਤੋਂ ਕਿਸ ਆਗੂ ਦੇ ਨਾਮ ’ਤੇ ਮੋਹਰ ਲਗਾਈ ਜਾਂਦੀ ਹੈ। ਕੀ ਪਾਰਟੀ ਮੌਜੂਦਾ ਸਿਆਸੀ ਸਮੀਕਰਨਾਂ ਨੂੰ ਧਿਆਨ ਵਿਚ ਰੱਖਦਿਆਂ ਆਪਣਾ ਉਮੀਦਵਾਰ ਚੁਣੇਗੀ ਜਾਂ ਫਿਰ ਕਿਸੇ ਨਵੇਂ ਚਿਹਰੇ ਨੂੰ ਮੌਕਾ ਦੇਵੇਗੀ? ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰੰਤੂ ਜੇਕਰ ਪਾਰਟੀ ਵਲੋਂ ਅਜਿਹੇ ਉਮੀਦਵਾਰ ਦੀ ਚੋਣ ਕੀਤੀ ਜਾਂਦੀ ਹੈ ਜਿਸ ਦੀ ਹਲਕੇ ਵਿਚ ਲੋਕਾਂ ਦਰਮਿਆਨ ਮਜ਼ਬੂਤ ਪਕੜ ਨਾ ਹੋਵੇ ਤਾਂ ਇਹ ਫ਼ੈਸਲਾ ਆਮ ਆਦਮੀ ਪਾਰਟੀ ਲਈ ਸਿਆਸੀ ਤੌਰ ’ਤੇ ਨੁਕਸਾਨਦਾਇਕ ਵੀ ਸਾਬਤ ਹੋ ਸਕਦਾ ਹੈ।