ਝੋਨੇ ਦੀ ਖਰੀਦ ਬੰਦ ਹੋਣ ਕਾਰਨ ਆੜ੍ਹਤੀਏ, ਕਿਸਾਨ ਅਤੇ ਮਜ਼ਦੂਰ ਪ੍ਰੇਸ਼ਾਨ
24 ਘੰਟਿਆਂ ’ਚ ਮਸਲਾ ਹੱਲ ਨਾ ਹੋਣ ’ਤੇ ਚੱਕਾ ਜਾਮ ਦੀ ਚਿਤਾਵਨੀ
ਕੁੱਲਗੜ੍ਹੀ, 15 ਨਵੰਬਰ(ਸੁਖਜਿੰਦਰ ਸਿੰਘ ਸੰਧੂ)-ਅਨਾਜ ਮੰਡੀ ਕੁੱਲਗੜ੍ਹੀ ਵਿਖੇ ਅੱਜ ਸਮੂਹ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਾਂਝੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਲੋਹਗੜ੍ਹ ਮੰਡੀ ਦੇ ਆੜ੍ਹਤੀਆਂ ਨੇ ਵੀ ਹਿੱਸਾ ਲਿਆ।
ਕੁੱਲਗੜ੍ਹੀ, 15 ਨਵੰਬਰ(ਸੁਖਜਿੰਦਰ ਸਿੰਘ ਸੰਧੂ)-ਅਨਾਜ ਮੰਡੀ ਕੁੱਲਗੜ੍ਹੀ ਵਿਖੇ ਅੱਜ ਸਮੂਹ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਾਂਝੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਲੋਹਗੜ੍ਹ ਮੰਡੀ ਦੇ ਆੜ੍ਹਤੀਆਂ ਨੇ ਵੀ ਹਿੱਸਾ ਲਿਆ। ਮੀਟਿੰਗ ਉਪਰੰਤ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਖਰੀਦ ਬੰਦ ਕਰਨ ਅਤੇ ਖਰੀਦ ਕੀਤੇ ਹੋਏ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਸਮੂਹ ਵਰਗ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਬੇਨਤੀਆਂ ਕਰਨ ’ਤੇ ਵੀ ਖਰੀਦ ਏਜੰਸੀਆਂ ਦੇ ਅਧਿਕਾਰੀ ਝੋਨੇ ਦੀ ਚੁਕਾਈ ਨਹੀਂ ਕਰਵਾ ਰਹੇ। ਅਧਿਕਾਰੀ ਕਹਿੰਦੇ ਹਨ ਕਿ ਅਸੀਂ ਜੋ ਖਰੀਦ ਕਰਨੀ ਸੀ, ਕਰ ਚੁੱਕੇ ਹਾਂ। ਅੱਗੇ ਖਰੀਦ ਕਰਨ ’ਤੇ ਸਰਕਾਰ ਵਲੋਂ ਰੋਕ ਲਗਾਈ ਹੋਈ ਹੈ। ਝੋਨੇ ਦੀ ਚੁਕਾਈ ਕਰਵਾਉਣ ਲਈ ਅਲਾਟ ਹੋਏ ਸ਼ੈਲਰ ਮਾਲਕਾਂ ਨਾਲ ਸੰਪਰਕ ਕਰੋ, ਤਾਂ ਹੀ ਚੁਕਾਈ ਹੋ ਸਕੇਗੀ। ਆੜ੍ਹਤੀਆਂ ਦਾ ਕਹਿਣਾ ਹੈ ਕਿ ਸ਼ੈਲਰ ਮਾਲਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ। ਜਿਸ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਮਜ਼ਦੂਰਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਉਹ ਮੰਡੀਆਂ ਵਿਚੋਂ ਵਿਹਲੇ ਹੋ ਕੇ ਆਪਣਾ ਹੋਰ ਕੰਮ-ਕਾਰ ਨਹੀਂ ਕਰ ਪਾ ਰਹੇ। ਉਨ੍ਹਾਂ ਨੂੰ ਵਿਹਲੇ ਬੈਠ ਕੇ ਖਰੀਦ ਕੀਤੇ ਝੋਨੇ ਅਤੇ ਕਿਸਾਨਾਂ ਦੇ ਵਿਕਣ ਲਈ ਆਏ ਝੋਨੇ ਦੀ ਰਾਖੀ ਕਰਨੀ ਪੈ ਰਹੀ ਹੈ। ਮੀਟਿੰਗ ਉਪਰੰਤ ਸਮੁੱਚੇ ਵਰਗਾਂ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ 24 ਘੰਟਿਆਂ ਦੇ ਅੰਦਰ ਖਰੀਦ ਸ਼ੁਰੂ ਕਰਨ ਦੇ ਨਾਲ-ਨਾਲ ਪਹਿਲਾਂ ਖਰੀਦ ਕੀਤੇ ਝੋਨੇ ਦੀ ਚੁਕਾਈ ਨਾ ਕਰਵਾਈ ਗਈ, ਤਾਂ ਫਿਰੋਜ਼ਪੁਰ-ਜ਼ੀਰਾ ਮਾਰਗ ’ਤੇ ਕੁੱਲਗੜ੍ਹੀ ਵਿਖੇ ਜਾਮ ਲਗਾਇਆ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।