ਫ਼ਿਰੋਜ਼ਪੁਰ, 6 ਮਾਰਚ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਵਿਦਿਆਰਥਣਾਂ ਨੂੰ ਡਿਜੀਟਲ ਦੁਨੀਆ ਵਿਚ ਮਹਿਲਾਵਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਸਾਈਬਰ ਸ਼ੀਲਡ ਡਿਜੀਟਲ ਵਰਲਡ ਵਿਚ ਮਹਿਲਾਵਾਂ ਦੀ ਸੁਰੱਖਿਆ ਅਤੇ ਸਨਮਾਨ ਵਿਸ਼ੇ 'ਤੇ ਜਾਗਰੂਕਤਾ ਲੈਕਚਰ ਕਰਵਾਇਆ ਗਿਆ | ਕਾਲਜ ਦੇ ਜਿਨਸੀ ਸ਼ੋਸ਼ਣ ਰੋਕੂ ਸੈੱਲ ਵਲੋਂ ਪੋਸਟ ਗ੍ਰੈਜੂਏਟ ਬੋਟਨੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਡਿਜੀਟਲ ਮਾਧਿਅਮਾਂ ਦੇ ਫ਼ਾਇਦਿਆਂ ਦੇ ਨਾਲ-ਨਾਲ ਉਨ੍ਹਾਂ ਨਾਲ ਜੁੜੇ ਸਾਈਬਰ ਖ਼ਤਰਿਆਂ ਬਾਰੇ ਵੀ ਸੁਚੇਤ ਕਰਨਾ ਸੀ | ਵਿਸ਼ਾ ਮਾਹਿਰ ਰਾਜੇਸ਼ ਕੁਮਾਰ ਨੇ ਸਾਈਬਰ ਸੁਰੱਖਿਆ ਨਾਲ ਜੁੜੇ ਮੁੱਦਿਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਮਹਿਲਾਵਾਂ ਨੂੰ ਦਰਪੇਸ਼ ਸਾਈਬਰ ਧੱਕੇਸ਼ਾਹੀ, ਆਨਲਾਈਨ ਸਟਾਕਿੰਗ, ਡੀਪਫੇਕ, ਫਿਸ਼ਿੰਗ ਅਤੇ ਵੱਖ-ਵੱਖ ਆਨਲਾਈਨ ਘੁਟਾਲਿਆਂ ਬਾਰੇ ਸਮਝਾਉਂਦਿਆਂ ਦੱਸਿਆ ਕਿ ਇਨ੍ਹਾਂ ਤੋਂ ਬਚਾਅ ਲਈ ਕਿਹੜੀਆਂ ਸੁਰੱਖਿਅਤ ਡਿਜੀਟਲ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ | ਇੰਟਰਐਕਟਿਵ ਸੈਸ਼ਨ ਦੌਰਾਨ ਬੀ.ਐੱਸ.ਸੀ. ਮੈਡੀਕਲ ਦੀਆਂ ਵਿਦਿਆਰਥਣਾਂ ਨੂੰ ਸਾਈਬਰ ਕਾਨੂੰਨਾਂ, ਵਨ ਸਟਾਪ ਸੈਂਟਰ, ਡਿਜੀਟਲ ਸ਼ਕਤੀ ਅਤੇ ਸ਼ੀ-ਬਾਕਸ ਪੋਰਟਲ ਵਰਗੀਆਂ ਸਰਕਾਰੀ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਸੈਸ਼ਨ ਦੇ ਅੰਤ ਵਿਚ ਰਾਜੇਸ਼ ਸਚਦੇਵਾ ਨੇ ਵਿਦਿਆਰਥਣਾਂ ਦੇ ਪ੍ਰਸ਼ਨਾਂ ਦੇ ਸੰਤੁਸ਼ਟੀਜਨਕ ਜਵਾਬ ਦੇ ਕੇ ਉਨ੍ਹਾਂ ਦੀਆਂ ਸ਼ੰਕਾਵਾਂ ਦੂਰ ਕੀਤੀਆਂ | ਇਸ ਮੌਕੇ ਪਿ੍ੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਜਿਨਸੀ ਸ਼ੋਸ਼ਣ ਰੋਕੂ ਸੈੱਲ ਦੀ ਇੰਚਾਰਜ ਡਾ. ਗੀਤਾਂਜਲੀ ਅਤੇ ਪੋਸਟ ਗ੍ਰੈਜੂਏਟ ਬੋਟਨੀ ਵਿਭਾਗ ਦੇ ਮੁਖੀ ਡਾ. ਮਨੀਸ਼ ਕੁਮਾਰ ਨੂੰ ਵਧਾਈ ਦਿੱਤੀ | ਪ੍ਰੋਗਰਾਮ ਦੌਰਾਨ ਮਿਸ ਡੌਲਫੀ, ਮਿਸ ਸਰਬਜੀਤ ਕੌਰ ਅਤੇ ਮਿਸ ਸ਼ਿਫਾ ਸਮੇਤ ਕਾਲਜ ਦਾ ਅਧਿਆਪਕ ਵਰਗ ਵੀ ਮੌਜੂਦ ਸੀ |