ਤਲਵੰਡੀ ਸਾਬੋ, 1 ਜਨਵਰੀ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰਬੰਧਕਾਂ, ਫੈਕਲਟੀ ਮੈਂਬਰਾਂ, ਸਟਾਫ ਤੇ ਵਿਦਿਆਰਥੀਆਂ ਵਲੋਂ ਸਰਬੱਤ ਦੇ ਭਲੇ ਤੇ ਨਵੇਂ ਸਾਲ ਦੀ ਆਮਦ 'ਤੇ 'ਵਰਸਿਟੀ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਮੌਕੇ ਸਭਨਾਂ ਦੇ ਚੜ੍ਹਦੀ ਕਲਾ 'ਚ ਰਹਿਣ ਲਈ ਅਰਦਾਸ ਕੀਤੀ ਗਈ | ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੁਲਵਿੰਦਰ ਸਿੰਘ ਦੇ ਰਾਗੀ ਜਥੇ ਵਲੋਂ ਗੁਰਬਾਣੀ ਪਾਠ ਤੇ ਕੀਰਤਨ ਕੀਤਾ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ, ਡੀਨ, ਫੈਕਲਟੀ ਮੈਂਬਰ, ਸਟਾਫ਼, ਵਿਦਿਆਰਥੀਆਂ ਤੇ ਇਲਾਕਾ ਵਾਸੀਆਂ ਨੇ ਹਾਜ਼ਰੀ ਭਰੀ | ਇਸ ਮੌਕੇ ਪਰੋ. ਵਾਇਸ ਚਾਂਸਲਰ ਪ੍ਰੋ. (ਡਾ.) ਪੀਯੂਸ਼ ਵਰਮਾ ਵਲੋਂ ਸਭਨਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਫੈਕਲਟੀ ਮੈਂਬਰਾਂ ਨੂੰ ਵਿੱਦਿਆ ਦਾ ਪ੍ਰਕਾਸ਼ ਘਰ-ਘਰ 'ਚ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਰ ਇਨਸਾਨ 'ਚ ਉੱਤਮ ਦਰਜੇ ਦਾ ਹੁਨਰ ਹੁੰਦਾ ਹੈ ਲੋੜ ਹੈ ਉਸ ਨੂੰ ਸਹੀ ਦਿਸ਼ਾ ਵਿਖਾਉਣ ਦੀ, ਸੋ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਹੁਨਰ ਤੇ ਕੌਸ਼ਲ ਨੂੰ ਪਹਿਚਾਣ ਕੇ ਸਹੀ ਰਸਤੇ 'ਤੇ ਲਾਉਣਾ ਹੁੰਦਾ ਹੈ | ਡਾ. ਗੁਰਪ੍ਰੀਤ ਸਿੰਘ, ਡਾਇਰੈਕਟਰ ਅਡਮਿਸ਼ਨ ਵਲੋਂ ਸਭਨਾਂ ਦੇ ਭਲੇ ਦੀ ਕਾਮਨਾ ਕਰਦੇ ਹੋਏ ਵਿਦਿਆਰਥੀਆਂ ਨੂੰ ਹਰ ਖੇਤਰ 'ਚ ਮੱਲਾਂ ਮਾਰਨ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਗਈਆਂ | ਡਾ. ਗੁਰਜੀਤ ਸਿੰਘ ਖਾਲਸਾ ਮੁਖੀ ਧਰਮ ਅਧਿਐਨ ਵਿਭਾਗ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਲੋਂ ਬਖ਼ਸ਼ਿਸ਼ ਕੀਤਾ ਸਿਰੋਪਾਓ 'ਵਰਸਿਟੀ ਅਧਿਕਾਰੀਆਂ ਨੂੰ ਭੇਟ ਕੀਤਾ | ਉਨ੍ਹਾਂ 'ਵਰਸਿਟੀ ਪ੍ਰਬੰਧਕਾਂ ਵਲੋਂ ਇਲਾਕੇ 'ਚ ਵਿੱਦਿਆ ਦੇ ਹਨੇਰੇ ਨੂੰ ਦੂਰ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਤੇ ਆਈ ਸੰਗਤ ਦਾ ਧੰਨਵਾਦ ਕੀਤਾ | ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਰਾਗੀ ਸਿੰਘਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ |