ਬਠਿੰਡਾ, 6 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਾਲ ਵਿਭਾਗ ਨਾਲ ਸਬੰਧਤ ਲੰਬਿਤ ਪਏ ਸਾਰੇ ਕੇਸਾਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕਰਨਾ ਲਾਜ਼ਮੀ ਬਣਾਇਆ ਜਾਵੇ | ਇਹ ਹਦਾਇਤ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਮਹੀਨਾਵਾਰ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀ | ਉਨ੍ਹਾਂ ਕਿਹਾ ਕਿ ਪਾਰਟੀਸ਼ਨ ਦੇ ਕੇਸਾਂ ਤੋਂ ਇਲਾਵਾ ਰਿਕਵਰੀ ਦੇ ਕੇਸਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ | ਉਨ੍ਹਾਂ ਨੇ ਅਧਿਕਾਰੀਆਂ ਨੂੰ ਖਾਨਗੀ, ਇੰਤਕਾਲ, ਡੀਮਾਰਕੇਸ਼ਨ, ਜਮ੍ਹਾਂਬੰਦੀਆਂ, ਗਿਰਦਾਵਰੀ, ਨੰਬਰਦਾਰੀ, ਸਰਫੇਸੀ ਅਤੇ ਚੌਂਕੀਦਾਰਾਂ ਆਦਿ ਸਬੰਧੀ ਬਕਾਇਆ ਕੇਸਾਂ ਬਾਰੇ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ | ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਬਕਾਇਆ ਕੇਸਾਂ ਦੀ ਈ-ਫਾਇਲ ਕਰਨੀ ਯਕੀਨੀ ਬਣਾਈ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਨੰਬਰਦਾਰੀ ਨਾਲ ਸਬੰਧਿਤ ਕੇਸਾਂ ਨੂੰ 6 ਮਹੀਨਿਆਂ ਤੋਂ ਵੱਧ ਪੈਂਡਿੰਗ ਨਾ ਰਹਿਣ ਦਿੱਤਾ ਜਾਵੇ |