ਨਵੀਂ ਦਿੱਲੀ, 6 ਜਨਵਰੀ (ਜਗਤਾਰ ਸਿੰਘ)-ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ (ਰਜ਼ਿ:) ਵਲੋਂ ਆਪਣਾ 25ਵਾਂ ਸਥਾਪਨਾ ਦਿਹਾੜਾ ਮਨਾਇਆ | ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਰਿਐਤ ਨੇ ਪਿਛਲੇ 25 ਸਾਲ ਦੀਆਂ ਫੈਡਰੇਸ਼ਨ ਦੇ ਕਾਰਜਾਂ ਤੇ ਉਪਲਬਧੀਆਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਮੌਜੂਦਾ ਸਮੇਂ ਵੀ ਰਾਮਗੜ੍ਹੀਆ ਬਿਰਾਦਰੀ ਦੀ ਬਿਹਤਰੀ ਵਿਚ ਫੈਡਰੇਸ਼ਨ ਵਲੋਂ ਕਈ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਵਰਤਮਾਨ 'ਚ ਫੈਡਰੇਸ਼ਨ ਇਕ ਨਿਊਜ਼ ਪੇਪਰ ਵੀ ਕੱਢਦੀ ਹੈ ਤੇ ਰਿਸ਼ਤਿਆਂ ਦੀ ਸੇਵਾ ਤੋਂ ਇਲਾਵਾ ਟੈਕਸ, ਮੈਡੀਕਲ ਤੇ ਕਾਨੂੰਨੀ ਸਲਾਹਾਂ ਦੁਆਰਾ ਬਿਰਾਦਰੀ ਦੇ ਮਸਲੇ ਹੱਲ ਕਰਕੇ ਆਪਣੀ ਸੇਵਾ ਨਿਭਾ ਰਹੀ ਹੈ ¢ ਰਿਐਤ ਨੇ ਫੈਡਰੇਸ਼ਨ ਦੀ ਸਥਾਪਨਾ ਦੇ 25 ਸਾਲ ਪੂਰੇ ਹੋਣ 'ਤੇ ਰਾਮਗੜ੍ਹੀਆ ਬਿਰਾਦਰੀ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਪਿਛੋਕੜ ਵਿਚ ਜਗਜੀਤ ਸਿੰਘ ਰੀਹਲ, ਰੇਸ਼ਮ ਸਿੰਘ ਮਠਾਰੂ, ਜਥੇ. ਅਵਤਾਰ ਸਿੰਘ ਹਿਤ, ਹਰਬੰਸ ਸਿੰਘ ਵਿਰਦੀ, ਸਵਰਨ ਸਿੰਘ ਹੁੰਜਨ ਤੇ ਦੇਸ਼ ਵਿਦੇਸ਼ ਵਿਦੇਸ਼ ਦੇ ਚੋਣਵੇਂ ਰਾਮਗੜ੍ਹੀਆ ਭਰਾਵਾਂ ਨੇ ਇਸ ਸੰਸਥਾ ਦੀ ਸਥਾਪਨਾ ਰਾਮਗੜ੍ਹੀਆ ਭਾਈਚਾਰੇ ਦੀ ਤਰੱਕੀ ਦੇ ਮਕਸਦ ਨਾਲ ਕੀਤੀ ਸੀ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੀ ਫੈਡਰੇਸ਼ਨ ਆਪਣੇ ਕਾਰਜਾਂ ਤੇ ਫ਼ਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ | ਫੈਡਰੇਸ਼ਨ ਦੇ ਦਫ਼ਤਰ ਹਰੀ ਨਗਰ ਵਿਖੇ ਇਸ ਸੰਬੰਧੀ ਕਰਵਾਏ ਪ੍ਰੋਗਰਾਮ 'ਚ ਚੇਅਰਮੈਨ ਸੁਖਦੇਵ ਸਿੰਘ ਰਿਐਤ ਤੋਂ ਇਲਾਵਾ ਜਨਰਲ ਸਕੱਤਰ ਕੁਲਵੰਤ ਸਿੰਘ ਖ਼ਾਲਸਾ, ਚੀਫ਼ ਐਡੀਟਰ ਮਲਕੀਤ ਸਿੰਘ ਸੋਂਧ, ਖ਼ਜ਼ਾਨਚੀ ਪਰਮਜੀਤ ਸਿੰਘ ਵਿਰਦੀ, ਮਹਿੰਦਰ ਸਿੰਘ ਭੁੱਲਰ, ਤੇਜਪਾਲ ਸਿੰਘ, ਸੁਰਜੀਤ ਸਿੰਘ ਵਿਲਖੂ ਸਮੇਤ ਹੋਰਨਾ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਹਰਚਰਨ ਸਿੰਘ ਧੰਮੂ, ਰਾਜਕਿਰਨ ਸਿੰਘ, ਬੀਬੀ ਰਣਜੀਤ ਕੌਰ, ਕਰਮ ਸਿੰਘ ਹਾਪੜ ਸਮੇਤ ਕਈ ਹੋਰਨਾ ਸ਼ਖ਼ਸੀਅਤਾਂ ਨੇ ਫੈਡਰੇਸ਼ਨ ਦੇ ਕਾਰਜਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ¢