ਬਠਿੰਡਾ, 6 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (25/11) ਦੇ ਸੱਦੇ ਤਹਿਤ ਬਠਿੰਡਾ ਬੱਸ ਡੀਪੂ ਦੇ ਕੱਚੇ ਕਾਮਿਆਂ ਵਲੋਂ ਆਪਣੇ ਸਾਥੀਆਂ ਦੀ ਜੇਲ੍ਹ 'ਚੋਂ ਰਿਹਾਈ ਲਈ ਬੱਸ ਅੱਡੇ ਵਿਚ ਗੇਟ 'ਤੇ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ |ਇਸ ਮੌਕੇ ਡਿਪੂ ਪ੍ਰਧਾਨ ਹਰਤਾਰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਚਾਰ ਸਾਲ ਬੀਤਣ ਦੇ ਬਾਵਜੂਦ ਇਕ ਵੀ ਕਰਮਚਾਰੀ ਪੱਕਾ ਨਹੀਂ ਕੀਤਾ ਗਿਆ ਜਦਕਿ ਉਨ੍ਹਾਂ ਨੂੰ ਪੱਕੇ ਕਰਨ ਸੰਬੰਧੀ ਪੰਜਾਬ ਸਰਕਾਰ ਵਲੋਂ ਦਿੱਤੇ ਲਿਖਤੀ ਭਰੋਸੇ ਨੂੰ ਵੀ ਅੱਜ 1 ਸਾਲ 6 ਮਹੀਨੇ ਬੀਤ ਚੁੱਕੇ ਹਨ | ਸਗੋਂ ਨਿੱਜੀਕਰਨ ਵਾਲੀ ਕਿੱਲੋਮੀਟਰ ਸਕੀਮ ਵਿਰੁੱਧ ਸੰਘਰਸ਼ ਕਰ ਰਹੇ ਜਥੇਬੰਦੀ ਦੇ 177 ਕਰਮਚਾਰੀਆਂ ਨੂੰ 5 ਦਿਨ ਬਿਨਾਂ ਕਾਰਨ ਜੇਲ੍ਹਾਂ 'ਚ ਬੰਦ ਕੀਤਾ ਗਿਆ ਅਤੇ 20 ਸਾਥੀਆਂ 'ਤੇ 307 ਦੇ ਕੇਸ ਦਰਜ ਕੀਤੇ ਗਏ, ਜਿੰਨ੍ਹਾਂ 'ਚੋਂ ਸੰਗਰੂਰ ਜੇਲ੍ਹ 'ਚ ਅੱਜ ਵੀ 10 ਸਾਥੀ ਬੰਦ ਹਨ ਤੇ ਉਨ੍ਹਾਂ ਦੀ ਰਿਹਾਈ ਲਈ ਉਹ ਮੁੜ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ | ਉਨ੍ਹਾਂ ਐਲਾਨ ਕੀਤਾ ਕਿ ਗੇਟ ਰੈਲੀ ਉਪਰੰਤ ਸਮੂਹ ਵਰਕਰ ਕਾਲੇ ਬਿੱਲੇ ਲਗਾਕੇ ਡਿਊਟੀਆਂ ਕਰਨਗੇ, ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਅਤੇ ਸੰਗਰੂਰ ਜੇਲ੍ਹ 'ਚ ਬੰਦ ਸਾਥੀ ਤੁਰੰਤ ਰਿਹਾਅ ਨਹੀਂ ਕੀਤੇ ਗਏ ਤਾਂ 9 ਜਨਵਰੀ ਨੂੰ ਸੰਗਰੂਰ ਬੱਸ ਸਟੈਂਡ ਵਿਖੇ ਵਿਸ਼ਾਲ ਕਨਵੈੱਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ |