ਚਾਉਕੇ, 6 ਜਨਵਰੀ (ਮਨਜੀਤ ਸਿੰਘ ਘੜੈਲੀ): ਵਿਧਾਨ ਸਭਾ ਹਲਕਾ ਮੌੜ ਤੋਂ ਰਾਜਸੀ ਤੌਰ 'ਤੇ ਸਰਗਰਮ ਕਾਂਗਰਸ ਦੇ ਸੀਨੀਅਰ ਆਗੂਆਂ 'ਚ ਸ਼ੁਮਾਰ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵਲੋਂ ਪਿਛਲੇ ਦਿਨਾਂ ਤੋਂ ਹਲਕੇ ਦੇ ਪਿੰਡਾਂ ਦੇ ਆਰੰਭੇ ਦੌਰੇ ਦੌਰਾਨ ਅੱਜ ਵੀ ਉਨ੍ਹਾਂ ਨੇ ਕਰੀਬ ਅੱਧੀ ਦਰਜਨ ਪਿੰਡਾਂ ਦਾ ਦੌਰਾ ਕਰਦਿਆਂ ਜਿੱਥੇ ਕਾਂਗਰਸੀ ਵਰਕਰਾਂ ਤੇ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ 'ਚ ਹਾਜ਼ਰੀ ਭਰੀ, ਉੱਥੇ ਪਿੰਡ ਰਾਮਪੁਰਾ 'ਚ ਉਨ੍ਹਾਂ ਨੇ ਕਈ ਪਰਿਵਾਰਾਂ ਨੂੰ ਕਾਂਗਰਸ 'ਚ ਸ਼ਾਮਿਲ ਕੀਤਾ | ਰਾਮਪੁਰਾ ਪਿੰਡ ਵਿਖੇ ਕਈ ਪਰਿਵਾਰਾਂ ਨੂੰ ਕਾਂਗਰਸ 'ਚ ਸ਼ਾਮਿਲ ਕਰਨ ਮੌਕੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਪਾਰਟੀ ਅੰਦਰ ਬਣਦਾ ਮਾਣ-ਸਨਮਾਨ ਦੇਣ ਦਾ ਯਕੀਨ ਦਵਾਇਆ | ਉੱਧਰ ਦੌਰੇ ਉਪਰੰਤ ਗੱਲਬਾਤ ਦੌਰਾਨ ਉਨ੍ਹਾਂ ਨੇ ਪੰਜਾਬ 'ਚ ਅਮਨ ਕਾਨੂੰਨ ਦੀ ਹਾਲਤ ਨੂੰ ਬਦਤਰ ਦੱਸਦਿਆਂ ਆਮ ਆਦਮੀ ਪਾਰਟੀ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ | ਉਨ੍ਹਾਂ ਕਿਹਾ ਕਿ ਹਾਲਾਤ ਇਹ ਬਣ ਚੁੱਕੇ ਨੇ ਕਿ ਘਰੋਂ ਨਿਕਲਣ ਵਾਲਾ ਕੋਈ ਆਦਮੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀ ਕਰ ਰਿਹਾ | ਉਨ੍ਹਾਂ ਅੱਗੇ ਦੱਸਿਆ ਕਿ ਨਿੱਤ ਦਿਨ ਵਾਪਰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਮਹਿਸੂਸ ਹੁੰਦਾ ਹੈ, ਜਿਵੇਂ ਗੈਂਗਸਟਰਾਂ ਜਾਂ ਸਮਾਜ ਵਿਰੋਧੀ ਅਨਸਰਾਂ ਨੂੰ ਸਰਕਾਰ ਜਾਂ ਪੁਲਿਸ ਦਾ ਕੋਈ ਖ਼ੌਫ਼ ਹੀ ਨਾ ਰਹਿ ਗਿਆ ਹੋਵੇ | ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਅਤਿ ਮੰਦੀ ਹਾਲਤ ਦੇ ਚੱਲਦਿਆਂ ਹੀ ਪੰਜਾਬ ਆਰਥਿਕ ਪੱਖੋਂ ਪਛੜਦਾ ਜਾ ਰਿਹਾ ਹੈ | ਸਿੱਧੂ ਨੇ ਮੰਗ ਕੀਤੀ ਕਿ ਸੂਬੇ ਦੀ ਆਪ ਸਰਕਾਰ ਨੇ ਆਪਣੇ ਕਾਰਜਕਾਲ 'ਚ ਪੰਜਾਬ ਦੀ ਤਰੱਕੀ ਲਈ ਕੋਈ ਠੋਸ ਕਾਰਜ ਨਹੀ ਕੀਤਾ ਤਾਂ ਘੱਟੋ-ਘੱਟ ਅਮਨ ਕਾਨੂੰਨ ਦੇ ਮੁੱਦੇ 'ਤੇ ਹੀ ਕੋਈ ਠੋਸ ਕਦਮ ਚੁੱਕ ਲਵੇ | ਸਿੱਧੂ ਨਾਲ ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਕਾਂਗਰਸੀ ਆਗੂ ਵੀ ਨਜ਼ਰ ਆਏ |