ਮਾਨਸਾ, 30 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਪਿੰਡ ਕੁੱਲਰੀਆਂ ਦੇ ਕਿਸਾਨ ਵਰਕਰਾਂ ਅਤੇ ਜਥੇਬੰਦੀ ਦੇ ਸੂਬਾ ਆਗੂਆਂ 'ਤੇ ਬਣਾਏ ਕੇਸ ਵਾਪਸ ਲੈਣ ਅਤੇ ਜੇਲ੍ਹ ਭੇਜੇ ਕਿਸਾਨ ਵਰਕਰ ਗੁਰਪ੍ਰੀਤ ਸਿੰਘ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਐਸ. ਐਸ. ਪੀ. ਦਫ਼ਤਰ ਨੇੜੇ ਧਰਨਾ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਸੰਬੋਧਨ ਕਰਦਿਆਂ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਕੁੱਲਰੀਆਂ 'ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਜਥੇਬੰਦੀ ਦਾ ਲਗਾਤਾਰ ਸੰਘਰਸ਼ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੱਦੀ ਪੁਸ਼ਤੀ ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨ ਤੋਂ ਬੇਦਖ਼ਲ ਕਰਨਾ ਚਾਹੁੰਦੀ ਸੀ ਪ੍ਰੰਤੂ ਜਥੇਬੰਦੀ ਦੇ ਸੰਘਰਸ਼ ਸਦਕਾ ਕਿਸਾਨ ਮੁੜ ਜ਼ਮੀਨ 'ਤੇ ਕਾਬਜ਼ ਹੋ ਕੇ ਕਾਸ਼ਤ ਕਰਨ ਲੱਗੇ ਹਨ, ਜਿਸ ਉੱਤੇ ਪ੍ਰਸ਼ਾਸਨ ਵਲੋਂ ਕਾਰਵਾਈ ਕਰਦਿਆਂ ਕਿਸਾਨਾਂ 'ਤੇ ਕਬਜ਼ਾ ਕਰਨ ਦੇ ਝੂਠੇ ਮੁਕੱਦਮੇ ਬਣਾਏ ਗਏ ਹਨ | ਇਸ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਦਰਜਨਾਂ ਕਿਸਾਨ ਸ਼ਾਮਿਲ ਹਨ | ਇਸ ਤੋਂ ਇਲਾਵਾ ਕਿਸਾਨ ਵਰਕਰ ਗੁਰਪ੍ਰੀਤ ਸਿੰਘ ਨੂੰ ਵੀ ਬੇਵਜ੍ਹਾ ਮੁਕੱਦਮੇ 'ਚ ਸ਼ਾਮਿਲ ਕਰ ਕੇ ਜੇਲ੍ਹ ਭੇਜਿਆ ਹੋਇਆ ਹੈ | ਕਿਸਾਨਾਂ ਨੇ ਮੰਗ ਕੀਤੀ ਕਿ ਇਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ | ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਦੀ ਕਾਰਗੁਜ਼ਾਰੀ ਬਿਲਕੁਲ ਉਲਟ ਚੱਲ ਰਹੀ ਹੈ ਅਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਅਤੇ ਤਾਰਾ ਚੰਦ ਬਰੇਟਾ ਨੇ ਕਿਹਾ ਕਿ ਪਿੰਡ ਪਿੱਪਲੀਆਂ ਦੇ ਇਕ ਕਿਸਾਨ ਨਾਲ 42 ਲੱਖ ਰੁਪਏ ਦੀ ਠੱਗੀ ਮਾਰਨ ਦੇ ਸਬੰਧ 'ਚ ਥਾਣਾ ਸ਼ਹਿਰੀ ਬੁਢਲਾਡਾ ਵਲੋਂ ਕੀਤੇ ਦਰਜ ਕੇਸ ਵਿਚ ਕੋਈ ਵੀ ਦੋਸ਼ੀ ਅਜੇ ਤੱਕ ਗਿ੍ਫ਼ਤਾਰ ਨਹੀਂ ਕੀਤਾ ਗਿਆ | ਪਿੰਡ ਅਹਿਮਦਪੁਰ ਵਿਚ ਦੋ ਅੰਨ੍ਹੇ ਕਤਲ ਹੋਏ ਸਨ, ਜਿਨ੍ਹਾਂ ਨੂੰ ਕਰੀਬ 2 ਸਾਲ ਹੋ ਚੁੱਕੇ ਹਨ ਪਰ ਦੋਸ਼ੀ ਅਜੇ ਵੀ ਗਿ੍ਫ਼ਤ ਤੋਂ ਬਾਹਰ ਹਨ | ਆਗੂਆਂ ਨੇ ਉਕਤ ਮੰਗਾਂ ਦੇ ਜਲਦ ਹੱਲ ਲਈ ਡੀ. ਐਸ. ਪੀ. ਬੂਟਾ ਸਿੰਘ ਰਾਹੀਂ ਐਸ. ਐਸ. ਪੀ. ਮਾਨਸਾ ਦੇ ਨਾਂਅ ਮੰਗ ਪੱਤਰ ਸੌਂਪਿਆ | ਇਸ ਮੌਕੇ ਸਤਪਾਲ ਸਿੰਘ ਬਰੇ, ਤਰਸੇਮ ਸਿੰਘ ਚੱਕ ਅਲੀਸ਼ੇਰ, ਦਰਸ਼ਨ ਸਿੰਘ ਗੁਰਨੇ ਕਲਾਂ, ਦੇਵੀ ਰਾਮ ਰੰਘੜਿਆਲ, ਬਲਵਿੰਦਰ ਸ਼ਰਮਾ, ਬਲਦੇਵ ਸਿੰਘ ਪਿੱਪਲੀਆਂ, ਬਲਜੀਤ ਸਿੰਘ ਭੈਣੀਬਾਘਾ, ਤੇਜਾ ਸਿੰਘ ਰਾਮਾਨੰਦੀ, ਜਸਪਾਲ ਸਿੰਘ ਉੱਭਾ, ਮੇਲਾ ਸਿੰਘ ਦਿਆਲਪੁਰਾ, ਗੁਰਪ੍ਰੀਤ ਸਿੰਘ ਅਨੂਪਗੜ੍ਹ, ਕਰਨੈਲ ਸਿੰਘ ਖੀਵਾ, ਸੁਦਾਗਰ ਸਿੰਘ ਰੱਲਾ, ਸਿਕੰਦਰ ਸਿੰਘ ਖਿਆਲਾ ਆਦਿ ਹਾਜ਼ਰ ਸਨ |